ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਕਿਸੇ ਵੀ ਸਰਕਾਰ ਨੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਜੀਦਗੀ ਨਾਲ ਕੰਮ ਨਹੀਂ ਕੀਤਾ। ‘ਵਿਸ਼ਵ ਦਰਿਆ ਦਿਵਸ’ ਮੌਕੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਦਰਿਆ ਪੰਜਾਬ ਦੀ ਅਣਮੁੱਲੀ ਵਿਰਾਸਤ ਹਨ, ਇਨ੍ਹਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਪੰਜਾਬੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ। ਉਨ੍ਹਾਂ ਕਿਹਾ ਕਿ ਦਰਿਆਵਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸੇ ਸਰਕਾਰ ਨੇ ਅਧਿਕਾਰੀਆਂ ਦੀ ਜੁਆਬਦੇਹੀ ਤੈਅ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸਾਲ 2005 ਤੋਂ ਸੰਸਾਰ ਪੱਧਰ ’ਤੇ 22 ਸਤੰਬਰ ਨੂੰ ਵਿਸ਼ਵ ਦਰਿਆ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨਾਮ ਹੀ ਪੰਜਾਂ ਦਰਿਆਵਾਂ ਕਾਰਨ ਪਿਆ ਹੈ। ਬਦਕਿਸਮਤੀ ਨਾਲ 1947 ਵਿੱਚ ਦੇਸ਼ ਦੀ ਵੰਡ ਦੌਰਾਨ ਪੰਜਾਂ ਦਰਿਆਵਾਂ ਦੀ ਇਹ ਧਰਤੀ ਵੰਡੀ ਗਈ ਤੇ ਇਸ ਦੇ ਦਰਿਆ ਵੀ ਵੰਡੇ ਗਏ। ਪੰਜਾਬ ਕੋਲ ਸਿਰਫ਼ ਹੁਣ ਢਾਈ ਦਰਿਆ ਹਨ, ਉਨ੍ਹਾਂ ਵਿੱਚੋਂ ਵੀ ਸਭ ਤੋਂ ਵੱਡਾ ਦਰਿਆ ਸਤਲੁਜ ਨੂੰ ਹੱਦ ਦਰਜੇ ਤੱਕ ਪਲੀਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਵੇਲੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਸੀ, ਉਸ ਦਾ ਜਲ ਵੀ ਸਤਲੁਜ ਦਰਿਆ ਵਿੱਚੋਂ ਲਿਆ ਗਿਆ ਸੀ। ਅੰਮ੍ਰਿਤ ਦੀ ਦਾਤ ਬਖਸ਼ਣ ਵਾਲਾ ਸਤਲੁਜ ਦਰਿਆ ਹੁਣ ਇਲਾਕੇ ਵਿੱਚ ਕੈਂਸਰ ਰੂਪੀ ਮੌਤ ਵੰਡ ਰਿਹਾ ਹੈ। ਉਨ੍ਹਾਂ ਦਰਿਆਵਾਂ ਦੇ ਵਾਰਿਸ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਵਿਰਾਸਤ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਸਤਲੁਜ ਵਿੱਚ ਸਮੱਗਰੀ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਸੁੱਟਣ ਤੋਂ ਰੋਕਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ।