ਕੁਲਵਿੰਦਰ ਕੌਰ
ਫਰੀਦਾਬਾਦ, 22 ਸਤੰਬਰ
ਬੜਖਲ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੂੰ ਸੈਕਟਰ-21 ਸੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਰਥਨ ਦਿੱਤਾ ਗਿਆ। ਉਧਰ, ਕਾਂਗਰਸੀ ਉਮੀਦਵਾਰ ਦੀ ਪਤਨੀ ਵੈਨੂਕਾ ਪ੍ਰਤਾਪ ਖੁੱਲਰ ਵੱਲੋਂ ਗੁਰਦੁਆਰਾ ਸ੍ਰੀ ਤੋਚੀ ਸਭਾ, ਪੰਜ ਐੱਲ ਬਲਾਕ (ਐੱਨਆਈਟੀ) ਵਿੱਚ ਸੰਗਤ ਦੇ ਦਰਸ਼ਨ ਕੀਤੇ ਗਏ ਤੇ ਸਹਿਯੋਗ ਮੰਗਿਆ। ਉਹ ਅਰਦਾਸ ’ਚ ਸ਼ਾਮਲ ਹੋਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ, ਸੰਜੇ ਭਾਟੀਆ ਸਣੇ ਹੋਰ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸ੍ਰੀਮਤ ਵੈਨੂਕਾ ਨੇ ਕਿਹਾ ਕਿ ਸ਼ਹਿਰ ਦੇ ਸਨਅਤੀਕਰਨ ’ਚ ਜੋ ਸਮੱਸਿਆਵਾਂ ਹਨ ਉਹ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬੀ ਭਾਈਚਾਰੇ ਵੱਲੋਂ ਫਰੀਦਾਬਾਦ ਦੇ ਵਿਕਾਸ ’ਚ ਪਾਏ ਯੋਗਦਾਨ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਤੋਂ ਆ ਕੇ ਸੂਬੇ ਦੇ ਵੱਡੇ ਸਨਅਤੀ ਸ਼ਹਿਰ ਦੀ ਨੁਹਾਰ ਬਦਲੀ। ਇਸੇ ਦੌਰਾਨ ਵਿਜੈ ਪ੍ਰਤਾਪ ਸਿੰਘ ਦਾ ਸੈਕਟਰ-21 ਸੀ ਦੇ ਸਮੁਦਾਇਕ ਭਵਨ ’ਚ ਸਵਾਗਤ ਕੀਤਾ ਗਿਆ। ਇਸ ਮੌਕੇ ਕਹਾਣੀਕਾਰ ਸੁਰਿੰਦਰ ਸਿੰਘ ਉਬਰਾਏ, ਹਰਮਿੰਦਰ ਸਿੰਘ ਨਾਗਰਾ ਤੇ ਨਰਿੰਦਰ ਸਿੰਘ ਭਾਟੀਆ ਸਣੇ ਪੰਜਾਬੀ ਸੱਭਿਆਚਾਰਕ ਸਥ ਫਰੀਦਾਬਾਦ ਦੇ ਅਹੁਦੇਵਾਰ ਸ਼ਾਮਲ ਹੋਏ।
ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਇਸ ਇਲਾਕੇ ਲਈ ਉਨ੍ਹਾਂ ਦੇ ਪਿਤਾ ਮਹਿੰਦਰ ਪ੍ਰਤਾਪ ਸਿੰਘ ਨੇ ਹਰਿਆਣਾ ’ਚ ਤਤਕਾਲੀ ਭਜਨ ਲਾਲ ਸਰਕਾਰ ਦੇ ਛੇ ਮਹਿਕਮਿਆਂ ਦੇ ਮੰਤਰੀ ਹੁੰਦੇ ਹੋਏ ਜੋ ਕਾਰਜ ਕੀਤੇ, ਉਨ੍ਹਾਂ ਤੋਂ ਅਗੇ ਕੋਈ ਵਿਸ਼ੇਸ਼ ਕਾਰਜ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸੂਰਜਕੁੰਡ ਮਾਰਗ ’ਤੇ ਵੱਡੇ ਟੱਕ ਦੇ ਰੂਪ ’ਚ ਬੇਆਬਾਦ ਜ਼ਮੀਨ ਪਈ ਹੈ ਜਿਥੇ ਸਪੋਰਟਸ ਹਬ ਕਾਇਮ ਕਰਨ ਦੀ ਯੋਜਨਾ ਕਾਂਗਰਸੀ ਸਰਕਾਰ ਆਉਣ ’ਤੇ ਬਣਾਈ ਜਾਵੇਗੀ।