ਪੁੱਡੂਚੇਰੀ, 23 ਸਤੰਬਰ
ਸਲਾਮੀ ਬੱਲੇਬਾਜ਼ ਸਾਹਿਲ ਪਾਰਖ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਅੱਜ ਇੱਥੇ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਯੂਥ ਰੋਜ਼ਾ ਲੜੀ ’ਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਸਾਹਿਲ ਨੇ 75 ਗੇਂਦਾਂ ’ਤੇ 14 ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤੀ ਟੀਮ ਨੇ ਸਿਰਫ 22 ਓਵਰਾਂ ’ਚ 177 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਭਾਰਤ ਨੇ ਸ਼ਨਿਚਰਵਾਰ ਨੂੰ ਪਹਿਲਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।
ਰੁਦਰ ਪਟੇਲ (10) ਦੇ ਜਲਦੀ ਆਊਟ ਹੋਣ ਤੋਂ ਬਾਅਦ ਮੁੰਬਈ ਦੇ 19 ਸਾਲਾ ਸਾਹਿਲ ਨੇ ਅਭਿਗਿਆਨ ਕੁੰਡੂ (53 ਨਾਬਾਦ) ਨਾਲ 153 ਦੌੜਾਂ ਦੀ ਭਾਈਵਾਲੀ ਕਰਕੇ ਮੇਜ਼ਬਾਨ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਸਮਰਥ ਨਾਗਰਾਜ (34 ਦੌੜਾਂ ’ਤੇ ਦੋ ਵਿਕਟਾਂ), ਲੈੱਗ ਸਪਿੰਨਰ ਮੁਹੰਮਦ ਇਨਾਨ (30 ਦੌੜਾਂ ’ਤੇ ਦੋ ਵਿਕਟਾਂ) ਅਤੇ ਆਫ ਸਪਿੰਨਰ ਕਿਰਨ ਚੋਰਮਾਲੇ (29 ਦੌੜਾਂ ’ਤੇ ਦੋ ਵਿਕਟਾਂ) ਨੇ ਵੀ ਦੋ-ਦੋ ਵਿਕਟਾਂ ਲਈਆਂ ਅਤੇ ਆਸਟਰੇਲੀਆ ਦੀ ਟੀਮ 49.3 ਓਵਰਾਂ ਵਿੱਚ 176 ਦੌੜਾਂ ’ਤੇ ਹੀ ਸਿਮਟ ਗਈ। -ਪੀਟੀਆਈ