ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 6 ਮਹੀਨੇ ਜੇਲ੍ਹ ਕੱਟਣ ਵਾਲੇ ਵਿਅਕਤੀ ਦੀ ਤੁਲਨਾ ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਨਾਲ ਕਰਨ ’ਤੇ ਸਖ਼ਤ ਇਤਰਾਜ਼ ਹੈ। ਆਤਿਸ਼ੀ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਕੁਰਸੀ ਖਾਲੀ ਛੱਡਦਿਆਂ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਰਾਮ ਨੇ 14 ਸਾਲ ਦੇ ਜਲਾਵਤਨੀ ਤੋਂ ਬਾਅਦ ਅਯੁੱਧਿਆ ਦਾ ਸ਼ਾਸਨ ਸੰਭਾਲਿਆ ਸੀ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ 4 ਮਹੀਨਿਆਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਸਿਰਫ਼ 4 ਮਹੀਨੇ ਹੀ ਬਰਦਾਸ਼ਤ ਕਰਨਾ ਪੈ ਰਿਹਾ ਹੈ ਕਿਉਂਕਿ ਦਿੱਲੀ ਦੇ ਲੋਕ ਰੋਜ਼ਾਨਾ ਦੇ ਡਰਾਮੇਬਾਜ਼ੀ ਤੋਂ ਤੰਗ ਆ ਚੁੱਕੇ ਹਨ। ਦੇਵੇਂਦਰ ਯਾਦਵ ਨੇ ਕਿਹਾ ਕਿ ਜਿੱਥੋਂ ਤੱਕ ਦਿੱਲੀ ਦੀ ਰਾਜਨੀਤੀ ਦਾ ਸਵਾਲ ਹੈ, ਆਤਿਸ਼ੀ ਨੇ ਭ੍ਰਿਸ਼ਟ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਤੱਕ ਪਹੁੰਚ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦਿੱਲੀ ਦੇ ਲੋਕਾਂ ਨੂੰ ਆਤਿਸ਼ੀ ਤੋਂ ਜੋ ਵੀ ਉਮੀਦਾਂ ਸਨ, ਉਹ ਇਸ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਕਦਮ ਨਾਲ ਪੂਰੀ ਤਰ੍ਹਾਂ ਠੁਸ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ’ਤੇ ਆਤਿਸ਼ੀ ਨੇ ਸੁਪਰੀਮ ਕੋਰਟ ਦਾ ਅਪਮਾਨ ਕੀਤਾ ਹੈ। ਕਿਉਂਕਿ ਸੁਪਰੀਮ ਕੋਰਟ ਨੇ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਆਤਿਸ਼ੀ ਦੀ ਸਰਕਾਰ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਰਿਮੋਟ ਕੰਟਰੋਲ ਨਾਲ ਚੱਲੇਗੀ: ਸਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਇਹ ਪਹਿਲੇ ਪਲਾਂ ਤੋਂ ਹੀ ਸਪੱਸ਼ਟ ਸੀ ਕਿ ਸ੍ਰੀਮਤੀ ਆਤਿਸ਼ੀ ਦੀ ਸਰਕਾਰ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਰਿਮੋਟ ਕੰਟਰੋਲ ਨਾਲ ਚੱਲੇਗੀ। ਉਨ੍ਹਾਂ ਕਿਹਾ ਹੈ ਕਿ ਇਸ ਤਰ੍ਹਾਂ ਮੁੱਖ ਮੰਤਰੀ ਦੀ ਮੇਜ਼ ਨੇੜੇ ਦੋ ਕੁਰਸੀਆਂ ਰੱਖਣਾ ਸੰਵਿਧਾਨਕ ਪ੍ਰਣਾਲੀ, ਪ੍ਰਸ਼ਾਸਨਿਕ ਨਿਯਮਾਂ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਆਤਿਸ਼ੀ, ਕਿਰਪਾ ਕਰਕੇ ਸਮਝੋ ਕਿ ਇਹ ਇੱਕ ਆਦਰਸ਼ ਪਾਲਣਾ ਨਹੀਂ ਹੈ ਸਗੋਂ ਸਾਦੀ ਭਾਸ਼ਾ ਵਿੱਚ ਜ਼ਬਰਦਸਤੀ ਹੈ। ਇਸ ਕਾਰਵਾਈ ਨਾਲ ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਮਾਣ ਦੇ ਨਾਲ-ਨਾਲ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣ ਕਿ ਕੀ ਤੁਸੀਂ ਅਜਿਹੇ ਰਿਮੋਟ ਕੰਟਰੋਲ ਨਾਲ ਦਿੱਲੀ ਦੀ ਸਰਕਾਰ ਚਲਾਉਗੇ।