ਪੱਤਰ ਪ੍ਰੇਰਕ
ਮਾਨਸਾ, 23 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਅੱਜ ਮਾਨਸਾ ਦੇ ਐੱਸਡੀਐੱਮ ਨੂੰ ਸਵੇਰ ਤੋਂ ਦੇਰ ਸ਼ਾਮ ਤੱਕ ਉਨ੍ਹਾਂ ਦੇ ਦਫ਼ਤਰ ਵਿੱਚ ਹੀ ਘੇਰੀਂ ਰੱਖਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਉਹ ਉਚ ਅਧਿਕਾਰੀ ਨੂੰ ਮਾਨਸਾ ਤਹਿਸੀਲ ’ਚ ਤਹਿਸੀਲਦਾਰ ਲਗਾਉਣ ਦੀ ਮੰਗ ਨੂੰ ਲੈ ਕੇ ਮਿਲਣ ਗਏ ਸਨ, ਪਰ ਅੱਗੋਂ ਅਧਿਕਾਰੀ ਦਾ ਕਥਿਤ ਤੌਰ ’ਤੇ ਰਵੱਈਆ ਠੀਕ ਨਾ ਹੋਣ ਕਾਰਨ ਉਸ ਦਾ ਘਿਰਾਓ ਕਰਨਾ ਪਿਆ। ਬਾਅਦ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਦੀ ਤਕਲੀਫ਼ ਨੂੰ ਸੁਣਿਆ ਅਤੇ ਮਾਨਸਾ ’ਚ ਆਰਜ਼ੀ ਤੌਰ ’ਤੇ ਲੋਕ ਤਕਲੀਫ਼ਾਂ ਲਈ ਸਰਦੂਲਗੜ੍ਹ ਦੇ ਤਹਿਸੀਲਦਾਰ ਨੂੰ ਵਾਧੂ ਚਾਰਜ ਦੇਕੇ ਕੱਲ੍ਹ ਤੋਂ ਹੀ ਰਜਿਸਟਰੀਆਂ ਦਾ ਕਾਰਜ ਆਰੰਭ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਸ਼ਾਮ ਨੂੰ ਘਿਰਾਓ ਮੁਲਤਵੀ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਤਹਿਸੀਲ ਵਿੱਚ ਤਹਿਸੀਲਦਾਰ ਦੀ ਪੋਸਟ ਖਾਲੀ ਪਈ ਹੈ ਅਤੇ ਨਾਇਬ ਤਹਿਸੀਲਦਾਰ ਪਿਛਲੇ ਹਫਤੇ ਤੋਂ ਛੁੱਟੀ ’ਤੇ ਚੱਲ ਰਹੇ ਹਨ, ਜਿਸ ਕਾਰਨ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਲੰਬਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਦੇਰ ਸ਼ਾਮ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਵੱਲੋਂ ਜਸਵੀਰ ਕੌਰ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਨੂੰ ਤਹਿਸੀਲਦਾਰ ਮਾਨਸਾ ਅਤੇ ਨਾਇਬ ਤਹਿਸੀਲਦਾਰ ਮਾਨਸਾ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਨਵ-ਨਿਯੁਕਤ ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੱਲ੍ਹ ਨੂੰ ਸਾਰਾ ਦਿਨ ਦਫ਼ਤਰ ਵਿੱਚ ਬੈਠ ਕੇ ਸਾਰੀਆਂ ਰਜਿਸਟਰੀਆਂ ਮੁਕੰਮਲ ਕਰ ਦੇਣਗੇ, ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਜੇਤੂ ਅੰਦਾਜ ਵਿੱਚ ਧਰਨਾ ਚੁੱਕ ਲਿਆ ਗਿਆ।