ਪੱਤਰ ਪ੍ਰੇਰਕ
ਭਵਾਨੀਗੜ੍ਹ, 24 ਸਤੰਬਰ
ਇਥੋਂ ਨੇੜਲੇ ਪਿੰਡ ਭਰਾਜ ਵਿਚ ਅੱਜ ਸਵੇਰੇ ਇਕ ਵਿਅਕਤੀ ਨੇ ਆਪਣੇ ਘਰ ਵਿਚ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਨਾਇਬ ਸਿੰਘ (40) ਵਜੋਂ ਹੋਈ ਹੈ। ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਸਾਢੇ ਸੱਤ ਵਜੇ ਦੀ ਹੈ, ਉਸ ਵੇਲੇ ਨਾਇਬ ਸਿੰਘ ਆਪਣੇ ਮਾਪਿਆਂ, ਪਤਨੀ ਅਤੇ ਦੋ ਬੱਚਿਆਂ ਨਾਲ ਘਰ ਵਿਚ ਸੀ। ਪਰਿਵਾਰ ਅਨੁਸਾਰ ਨਾਇਬ ਸਿੰਘ ਨੇ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਮੱਥੇ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਖੇਤੀਬਾੜੀ ਕਰਨ ਤੋਂ ਇਲਾਵਾ ਪੈਪਸੀਕੋ ਚੰਨੋਂ ਵਿਚ ਪੱਕੇ ਤੌਰ ’ਤੇ ਨੌਕਰੀ ਕਰਦਾ ਸੀ। ਪੁਲੀਸ ਨੂੰ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ।