ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਅੱਜ ਨਾਦਿਰ ਸ਼ਾਹ ਦੀ ਹੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਹਾਸ਼ਿਮ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛ ਪੜਤਾਲ ਕਰਨ ਲਈ ਤਿਹਾੜ ਜੇਲ੍ਹ ਤੋਂ ਲਿਆਂਦਾ। ਸੂਤਰਾਂ ਦਾ ਕਹਿਣਾ ਹੈ ਕਿ ਹਾਸ਼ਿਮ ਬਾਬਾ ਅਤੇ ਸਾਥੀਆਂ ਨੇ ਤਿਹਾੜ ਜੇਲ੍ਹ ਦੇ ਅੰਦਰੋਂ ਨਾਦਿਰ ਸ਼ਾਹ ਦੀ ਹੱਤਿਆ ਦੀ ਯੋਜਨਾ ਬਣਾਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਲ੍ਹ ਅੰਦਰ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਨ ਵਾਲੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਦੇ ਬਾਵਜੂਦ ਗੈਂਗਸਟਰ ਕਤਲ ਦੀ ਸਾਜ਼ਿਸ਼ ਰਚਣ ਲਈ ਫ਼ੋਨਾਂ ਦੀ ਵਰਤੋਂ ਕਰਨ ਵਿੱਚ ਕਾਮਯਾਬ ਰਹੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਕਹੇ ਜਾਣ ਵਾਲੇ ਹਾਸ਼ਿਮ ਬਾਬਾ ਤੋਂ ਦਿੱਲੀ ਦੇ ਅਮੀਰ ਕਾਰੋਬਾਰੀ ਕੁਨਾਲ ਛਾਬੜਾ ਨੂੰ ਲਾਰੈਂਸ ਦੀ 5 ਕਰੋੜ ਦੀ ਧਮਕੀ ਵਾਲੀ ਵੀਡੀਓ ਕਾਲ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਛਾਬੜਾ ਕਥਿਤ ਤੌਰ ’ਤੇ ਗੈਰ-ਕਾਨੂੰਨੀ ਕਾਲ ਸੈਂਟਰ ਕਾਰੋਬਾਰ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ। ਨਾਦਿਰ ਸ਼ਾਹ ਦੇ ਕਰੀਬੀ ਕਹੇ ਜਾਣ ਵਾਲੇ ਕੁਨਾਲ ਛਾਬੜਾ ਨੂੰ ਜੇਲ੍ਹ ਅੰਦਰੋਂ ਲਾਰੈਂਸ ਬਿਸ਼ਨੋਈ ਨੇ ਧਮਕੀਆਂ ਵੀ ਦਿੱਤੀਆਂ ਸਨ। ਪੁਲੀਸ ਉਸ ਜੇਲ੍ਹ ਦਾ ਪਤਾ ਵੀ ਲਗਾਉਣ ਲਈ ਜਾਂਚ ਕਰੇਗੀ ਜਿੱਥੋਂ ਲਾਰੈਂਸ ਦੀ ਵੀਡੀਓ ਕਾਲ ਹੋਈ ਸੀ।
ਸਪੈਸ਼ਲ ਸੈੱਲ ਹਾਸ਼ਿਮ ਬਾਬਾ ਤੋਂ ਪੁੱਛਗਿੱਛ ਕਰੇਗਾ ਕਿ ਉਸ ਨੇ 7 ਦਿਨਾਂ ਦੀ ਹਿਰਾਸਤ ਦੌਰਾਨ ਜੇਲ੍ਹ ਦੇ ਅੰਦਰੋਂ ਨਾਦਿਰ ਕਤਲ ਕਾਂਡ ਨੂੰ ਕਿਵੇਂ ਅੰਜ਼ਾਮ ਦਿੱਤਾ। ਦਿੱਲੀ ਪੁਲੀਸ ਨੇ ਹਾਸ਼ਿਮ ਬਾਬਾ ਅਤੇ ਉਸ ਦੇ ਗਰੋਹ ਦੇ ਅੱਠ ਹੋਰ ਮੈਂਬਰਾਂ ’ਤੇ ‘ਮਕੋਕਾ’ ਲਗਾਇਆ ਸੀ। ਹਾਸ਼ਿਮ ਬਾਬਾ ’ਤੇ ਕਤਲ ਦੀ ਸਾਜ਼ਿਸ਼, ਹਥਿਆਰ ਅਤੇ ਪਾਸਪੋਰਟ ਐਕਟ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਸਮੇਤ ਕਈ ਮਾਮਲੇ ਦਰਜ ਹਨ। ਉਹ 2020 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।