ਕੇ.ਕੇ. ਬਾਂਸਲ
ਰਤੀਆ, 24 ਸਤੰਬਰ
ਇੱਥੋਂ ਵਿਧਾਨ ਸਭਾ ਦੇ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਨੇ ਅੱਜ ਦਰਜਨ ਤੋਂ ਵੱਧ ਪਿੰਡਾਂ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਦੁਪਹਿਰ ਤੱਕ ਪਿੰਡ ਰਤੀਆ, ਭੂੰਦੜਵਾਸ, ਰਤਨਗੜ੍ਹ, ਮੀਰਾਣਾ, ਬਲਿਆਲਾ, ਬੋੜਾ, ਖਾਈ, ਮਹਿਮਦਕੀ, ਪਿਲਛੀਆਂ ਵਿੱਚ ਵੱਖ-ਵੱਖ ਥਾਵਾਂ ’ਤੇ ਨੁੱਕੜ ਮੀਟਿੰਗਾਂ ਕੀਤੀਆਂ। ਪਿੰਡ ਰਤਨਗੜ੍ਹ ਪੁੱਜੀ ਸੁਨੀਤਾ ਦੁੱਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2014 ਵਿੱਚ ਉਨ੍ਹਾਂ ਦੀ ਪਹਿਲੀ ਚੋਣ ਵਿੱਚ ਰਤੀਆ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਆਸ਼ੀਰਵਾਦ ਦਿੱਤਾ ਸੀ। 2019 ਵਿੱਚ ਵੀ ਇੱਥੋਂ ਜਿਤਾ ਕੇ ਲੋਕਾਂ ਨੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਭੇਜਿਆ ਸੀ।
ਉਨ੍ਹਾਂ ਕਿਹਾ ਕਿ ਖੇਤਰ ਦੇ ਵਿਕਾਸ ਅਤੇ ਤਰੱਕੀ ਲਈ ਉਨ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ। ਗ੍ਰਾਂਟਾਂ ਦੀ ਗੱਲ ਹੋਵੇ ਜਾਂ ਰੇਲਾਂ ਦੇ ਰੁਕਣ ਦੀ, ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਗਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਂਸਦ ਕਾਰਜਕਾਲ ਦੌਰਾਨ ਜੋ ਕਮੀ ਰਹਿ ਗਈ ਹੈ, ਉਹ ਹੁਣ ਤੁਹਾਡੇ ਆਸ਼ੀਰਵਾਦ ਨਾਲ ਵਿਧਾਇਕ ਬਣਨ ਤੋਂ ਬਾਅਦ ਵਿਆਜ ਸਣੇ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਰਤੀਆ ਖੇਤਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਭਾਜਪਾ ਵਰਕਰ ਹਾਜ਼ਰ ਸਨ।
ਭਾਜਪਾ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਦੌਰੇ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਸ਼ਾਹਬਾਦ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਅੱਜ ਹਲਕੇ ਦੇ ਪਿੰਡਾਂ ਬਚਗਾਂਵ, ਗਾਮੜੀ, ਹਸਨਪੁਰ, ਰਾਮ ਨਗਰ, ਸੰਤੋਖਪੁਰਾ, ਲੁੱਖੀ, ਝਿਬਰੇਹੜੀ, ਵੱਡੀ ਉਦਾਰਸੀ, ਸਲਪਾਣੀ ਕਲਾਂ, ਹਰੀ ਪੁਰ, ਗੋਲਪੁਰੀਆ, ਰਾਜ ਬੁੱਕ ਡਿਪੂ, ਤਨੇਜਾ ਕਲਾਥ ਹਾਊਸ, ਅਪਸਰਾ ਕਲਾਥ ਹਾਊਸ ,ਰਾਮ ਲਾਲ ਕਪਣਾ ਵਾਲੇ, ਹੰਸ ਪੁਸਤਕ ਭੰਡਾਰ ਮੁਨਸ਼ੀ ਰਾਮ ਜੈ ਭਗਵਾਨ ਤੇ ਬਾਲਾ ਜਾ ਟਰੇਡਰਜ਼ ਆਦਿ ਥਾਵਾਂ ’ਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਦੇ ਪੱਖ ਵਿੱਚ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਭਾਜਪਾ ਨੇ ਵਿਕਾਸ ਕੀਤਾ ਹੈ ਤੇ ਵਿਕਾਸ ਕਰਾਂਗੇ ਤੇ ਜਨ ਜਨ ਦਾ ਸਨਮਾਨ ਕਰਨ ਦੇ ਨਾਅਰੇ ਨੂੰ ਸਾਰਥਿਕ ਕਰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਭਾਜਪਾ ਦੀਆਂ ਨੀਤੀਆਂ ਤੇ ਸੋਚ ਨੂੰ ਲੈ ਕੇ ਇਕ ਨਵੀਂ ਉਮੰਗ ਤੇ ਉਤਸ਼ਾਹ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਿੰਨਾ ਵਿਕਾਸ ਭਾਜਪਾ ਨੇ ਕਰਾਇਆ ਹੈ ਹੋਰ ਕਿਸੇ ਪਾਰਟੀ ਨੇ ਨਹੀਂ ਕਰਾਇਆ।ਪਿੰਡਾਂ ਵਿੱਚ ਕਲਸਾਣਾ ਦਾ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।