ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 24 ਸਤੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪਿਛਲੇ ਦਿਨੀਂ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਰਾਹੀਂ ਕਮਾਏ 2605 ਕਰੋੜ ਰੁਪਏ ’ਚੋਂ ਲੋੜ ਅਨੁਸਾਰ ਫੰਡ ਸ਼ਹਿਰ ਦੇ ਸਰਬਪੱਖੀ ਵਿਕਾਸ ’ਤੇ ਖ਼ਰਚ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਦੀ 2605 ਕਰੋੜ ਦੀ ਕਮਾਈ ’ਚੋਂ ਘੱਟੋ-ਘੱਟ 10 ਫੀਸਦੀ ਰਕਮ (260 ਕਰੋੜ ਰੁਪਏ) ਵਿਕਾਸ ਕੰਮਾਂ ਲਈ ਨਗਰ ਨਿਗਮ ਨੂੰ ਦਿੱਤੀ ਜਾਵੇ। ਉਨ੍ਹਾਂ ਇਸ ਪੱਤਰ ਦੀ ਇੱਕ ਕਾਪੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਭੇਜੀ ਹੈ।
ਸ੍ਰੀ ਬੇਦੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਮਾਡਾ ਨੇ ਕਾਂਗਰਸ ਸਰਕਾਰ ਸਮੇਂ ਮੁਹਾਲੀ ਨਿਗਮ ਨਾਲ ਇਹ ਸਮਝੌਤਾ ਕੀਤਾ ਸੀ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕਰਵਾਏ ਜਾਂਦੇ ਵਿਕਾਸ ਕਾਰਜਾਂ ਲਈ 25 ਫ਼ੀਸਦੀ ਹਿੱਸਾ ਗਮਾਡਾ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਗਮਾਡਾ ਨਾਲ ਇੱਕ ਸਮਝੌਤਾ ਹੋਇਆ ਸੀ ਜਿਸ ਤਹਿਤ ਸ਼ਹਿਰ ਦੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ 50 ਕਰੋੜ ਰੁਪਏ ਹਰ ਸਾਲ ਨਗਰ ਨਿਗਮ ਨੂੰ ਦੇਣੇ ਕੀਤੇ ਸਨ ਪਰ ਗਮਾਡਾ ਨੇ ਪੂਰੇ ਪੈਸੇ ਨਹੀਂ ਦਿੱਤੇ।
ਮੌਜੂਦਾ ਸਾਲ 2024-25 ਖ਼ਤਮ ਹੋਣ ਵਾਲਾ ਹੈ ਪਰ ਹਾਲੇ ਤੱਕ ਗਮਾਡਾ ਵੱਲੋਂ 25 ਫੀਸਦੀ ਸਮਝੌਤੇ ਤਹਿਤ ਇੱਕ ਧੇਲਾ ਵੀ ਨਹੀਂ ਦਿੱਤਾ। ਗਮਾਡਾ ਦੀ ਅਣਦੇਖੀ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਹੇ ਹਨ ਅਤੇ ਜ਼ਿਆਦਾਤਰ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਮੁਹਾਲੀ ਵਿੱਚ ਜਲ ਨਿਕਾਸੀ ਦਾ ਬੁਰਾ ਹਾਲ ਹੈ।