ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਸਤੰਬਰ
ਬਿਹਾਰ ਦੇ ਜ਼ਿਲ੍ਹਾ ਮੁਜੱਫਰਪੁਰ ਦੀ ਔਰਤ ਜੋ 2004 ਵਿੱਚ ਪਰਿਵਾਰ ਤੋਂ ਵਿਛੜ ਗਈ ਸੀ, ਨੂੰ ਲਗਭਗ 20 ਸਾਲਾਂ ਬਾਅਦ ਪਿੰਗਲਵਾੜਾ ਸੰਸਥਾ ਨੇ ਮੁੜ ਪਰਿਵਾਰ ਨਾਲ ਮਿਲਾਇਆ ਹੈ। ਸ਼ਕੁੰਤਲਾ ਨਾਂ ਦੀ ਇਹ ਔਰਤ 8 ਅਕਤੂਬਰ 2004 ਵਿੱਚ ਪਿੰਗਲਵਾੜਾ ਸੰਸਥਾ ਵਿੱਚ ਆਈ ਸੀ। ਉਸ ਵੇਲੇ ਇਹ ਔਰਤ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਸਥਿਤ ਗਲੀ ਅਰੋੜਿਆਂ ਵਾਲੀ ਵਿੱਚ ਲਾਵਾਰਿਸ ਹਾਲਤ ਵਿੱਚ ਮਿਲੀ ਸੀ। ਉਸ ਵੇਲੇ ਇਸ ਦੇ ਸਰੀਰ ਦੇ ਕੁਝ ਅੰਗਾਂ ਵਿੱਚ ਕੀੜੇ ਪਏ ਹੋਏ ਸਨ ਅਤੇ ਇਹ ਆਪਣੇ ਹੋਸ਼ ਵਿੱਚ ਵੀ ਨਹੀਂ ਸੀ। ਉਸ ਵੇਲੇ ਇਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਇਸ ਨੂੰ ਆਪਣੇ ਅਤੇ ਪਰਿਵਾਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ। ਹੁਣ ਇਹ ਜਦੋਂ ਲੰਮਾ ਸਮਾਂ ਚੱਲੇ ਇਲਾਜ ਤੋਂ ਬਾਅਦ ਠੀਕ ਹੋਈ ਹੈ ਅਤੇ ਲੰਬੇ ਅਰਸੇ ਬਾਅਦ ਇਸ ਨੇ ਆਪਣੇ ਪਰਿਵਾਰ ਬਾਰੇ ਖੁਲਾਸਾ ਕੀਤਾ ਹੈ ਤਾਂ ਪਿੰਗਲਵਾੜਾ ਸੰਸਥਾ ਨੇ ਆਪਣੇ ਨੁਮਾਇੰਦੇ ਭੇਜ ਕੇ ਇਸ ਦੇ ਪਰਿਵਾਰ ਦਾ ਪਤਾ ਲਾਇਆ ਹੈ। ਇਸ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ। ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਸ਼ਕੁੰਤਲਾ ਵੱਲੋਂ ਦੱਸੇ ਗਏ ਪਤੇ ’ਤੇ ਪਤਾ ਜਾਨਣ ਵਾਸਤੇ ਪਿੰਗਲਵਾੜੇ ਵੱਲੋਂ ਸੇਵਾਦਾਰ ਭੇਜੇ ਗਏ ਸਨ ਜਿੱਥੋਂ ਪਤਾ ਲੱਗਾ ਕਿ ਇਹ ਔਰਤ ਪਿਛਲੇ 20 ਸਾਲਾਂ ਤੋਂ ਆਪਣੇ ਘਰ ਤੋਂ ਲਾਪਤਾ ਹੈ। ਇਸ ਦਾ ਸਹੁਰਾ ਪਰਿਵਾਰ ਗੁਹਾਟੀ ਵਿੱਚ ਰਹਿੰਦਾ ਹੈ। ਇਸ ਦੇ ਤਿੰਨ ਮੁੰਡੇ ਹਨ ਅਤੇ ਇਸ ਦਾ ਪਤੀ ਗੁਹਾਟੀ ਵਿੱਚ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਔਰਤ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ।