ਹਤਿੰਦਰ ਮਹਿਤਾ
ਜਲੰਧਰ, 24 ਸਤੰਬਰ
ਕੋਲਕਾਤਾ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਅਤੇ ਦੇਸ਼ ਭਰ ਵਿੱਚ ਔਰਤਾਂ ਖ਼ਿਲਾਫ਼ ਵਧ ਰਹੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਅਤੇ ਸੂਦਖੋਰ ਫਾਇਨਾਂਸ ਕੰਪਨੀਆਂ ਤੇ ਏਜੰਟਾਂ ਦੀ ਔਰਤਾਂ ਨਾਲ ਕਥਿਤ ਗੁੰਡਾਗਰਦੀ ਦੇ ਖ਼ਿਲਾਫ਼ ਇਸਤਰੀ ਜਾਗ੍ਰਿਤੀ ਮੰਚ, ਡੈਮੋਕ੍ਰੇਟਿਕ ਆਸ਼ਾ ਤੇ ਫੈਸਿਲੀਟੇਟਰ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ ਵੱਲੋਂ ਅੱਜ ਨਕੇਦਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਐੱਸ.ਡੀ.ਐੱਮ. ਨਕੋਦਰ ਨੂੰ ਮੰਗ ਪੱਤਰ ਦੇ ਕੇ ਪੀੜਤ ਔਰਤਾਂ ਲਈ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਤੇ ਡੈਮੋਕ੍ਰੇਟਿਕ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਜੀਤ ਕੌਰ ਨੇ ਕਿਹਾ ਦੇਸ਼ ਦੇ ਅੰਦਰ ਔਰਤਾਂ ਖ਼ਿਲਾਫ਼ ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਲਕਾਤਾ ਵਿੱਚ ਮਹਿਲਾ ਡਾਕਟਰ ਦੇ ਜਬਰ-ਜਨਾਹ ਤੋਂ ਬਾਅਦ ਕੀਤੀ ਹੱਤਿਆ ਦੇ ਮਾਮਲੇ ਨੂੰ ਡੇਢ ਮਹੀਨੇ ਤੋਂ ਵਧ ਹੋ ਗਿਆ ਪਰ ਸਰਕਾਰਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪ੍ਰਦਰਸ਼ਨਕਾਰੀ ਔਰਤਾਂ ਨੇ ਮੰਗ ਕੀਤੀ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਦੀ ਗੁੰਡਾਗਰਦੀ ਨੂੰ ਨੱਥ ਪਾਈ ਜਾਵੇ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰੈਸ ਸਕੱਤਰ ਜਸਵੀਰ ਕੌਰ ਜੱਸੀ, ਨਿਰਮਲਜੀਤ ਕੌਰ,ਕੁਲਵੰਤ ਕੌਰ ਸਾਬਕਾ ਸਰਪੰਚ, ਪੰਜਾਬ ਸਟੂਡੈਂਟਸ ਯੂਨੀਅਨ ਦੀ ਰਮਨਦੀਪ ਕੌਰ, ਕਿਰਤੀ ਕਿਸਾਨ ਯੂਨੀਅਨ ਬਲਿਹਾਰ ਕੌਰ, ਸੁਰਜੀਤ ਕੌਰ ਮਾਨ, ਪੇਂਡੂ ਮਜ਼ਦੂਰ ਯੂਨੀਅਨ ਦੀ ਬਖਸ਼ੋ ਖਰਸੈਦਪੁਰ, ਸੋਮਾ ਰਾਣੀ ਆਦਿ ਨੇ ਸੰਬੋਧਨ ਕੀਤਾ।