ਹਰਦਮ ਮਾਨ
ਸਰੀ:
ਐਬਟਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜਕੱਲ੍ਹ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੌਂਟਰੀਅਲ ਵਿਖੇ ਵਕਾਲਤ ਕਰ ਰਹੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ, ਸਵਿਟਜ਼ਰਲੈਂਡ ਮੁੱਖ ਸਥਾਨ ਵਿਖੇ ਵਰਲਡ ਟਰੇਡ ਔਰਗੇਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਸ਼ਮੂਲੀਅਤ ਕੀਤੀ। ਸਾਹਿਬ ਕੌਰ ਨੇ ਯੂਨੀਵਰਸਿਟੀ ਆਫ ਓਟਵਾ ਵੱਲੋਂ ਕੈਨੇਡੀਅਨ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਦਿਆਂ
ਯੂ.ਐੱਨ.ਓ. ਦੇ ਪਬਲਿਕ ਫੋਰਮ ਵਿੱਚ ਗੰਭੀਰ ਮੁੱਦਿਆਂ ’ਤੇ ਚਰਚਾ ਕੀਤੀ। ਸਵਿਟਜ਼ਰਲੈਂਡ ਵਿਖੇ ਚਾਰ ਦਿਨ ਚੱਲੀ ਇਸ ਵਿਸ਼ਾਲ ਬੈਠਕ ਦੌਰਾਨ ਦੁਨੀਆ ਭਰ ਤੋਂ ਰਾਜਦੂਤਾਂ, ਡਿਪਲੋਮੈਟਾਂ, ਮਾਹਰਾਂ, ਅੰਤਰਰਾਸ਼ਟਰੀ ਵਪਾਰ ਵਿੱਚ ਪ੍ਰੈਕਟੀਸ਼ਨਰਾਂ ਅਤੇ ਪ੍ਰਸਿੱਧ ਅਕਾਦਮੀਆਂ ਨੇ ਸ਼ਮੂਲੀਅਤ ਕੀਤੀ।
ਸਾਹਿਬ ਕੌਰ ਅਨੁਸਾਰ ਵੱਡੀ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ ਅਤੇ ਅਜਿਹੀਆਂ ਕੌਮਾਂਤਰੀ ਬੈਠਕਾਂ ਰਾਹੀਂ ਹੀ ਲੋਕ ਪੱਖੀ ਰਣਨੀਤੀ ਰਾਹੀਂ ਆਰਥਿਕ, ਵਾਤਾਵਰਨ, ਰਾਜਨੀਤਕ ਅਤੇ ਵਿਆਪਕ ਵਿਸ਼ਵ ਸੰਕਟਾਂ ਨਾਲ ਨਜਿੱਠਣ ਦਾ ਮੌਕਾ ਹਾਸਲ ਹੋ ਸਕਦਾ ਹੈ।
ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਨਾਲ ਸਬੰਧਿਤ ਸਾਹਿਬ ਕੌਰ ਨੇ ਯੂ.ਐੱਨ.ਓ. ਦੇ ਦੌਰੇ ਦੌਰਾਨ ਜਿੱਥੇ ਯੂ.ਟੀ.ਓ. ਬਾਰੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਯੂ.ਐੱਨ.ਓ. ਦੇ ਮੰਚ ਤੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸੰਸਾਰ ਪੱਧਰ ’ਤੇ ਆ ਰਹੀਆਂ ਚੁਣੌਤੀਆਂ ਅਤੇ ਹਾਸ਼ੀਆਗ੍ਰਸਤ ਲੋਕਾਂ ਦੇ ਹੱਕ ਵਿੱਚ ਦ੍ਰਿੜਤਾ ਨਾਲ ਆਵਾਜ਼ ਉਠਾਉਣ ਦਾ ਵੀ ਅਹਿਦ ਕੀਤਾ।
ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੇ ਸਰੋਤਿਆਂ ਨੂੰ ਮੋਹਿਆ
ਸਰੀ:
ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿੱਚ ਆਪਣੀ ਸਾਲਾਨਾ ਸ਼ਾਇਰਾਨਾ ਸ਼ਾਮ ਮਨਾਈ ਗਈ। ਇਸ ਵਿੱਚ ਸ਼ਾਇਰੀ ਦੇ ਕਦਰਦਾਨਾਂ ਨੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ ਮਾਣਿਆ। ਇਸ ਸ਼ਾਮ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਪ੍ਰੋ. ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ) ਤੇ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਦਸਮੇਸ਼ ਗਿੱਲ ਫਿਰੋਜ਼ ਨੇ ਕੀਤੀ।
ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਵਾਂਟਲਿਨ ਫਸਟ ਨੇਸ਼ਨ ਦੀ ਨਾਮਵਰ ਸ਼ਖ਼ਸੀਅਤ ਫਰਨ ਗੈਬਰੀਅਲ ਵੱਲੋਂ ਆਪਣੀ ਭਾਸ਼ਾ ਵਿੱਚ ਗਾਏ ਗੀਤ ਨਾਲ ਹੋਈ। ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜ਼ਰ ਮਹਿਮਾਨਾਂ, ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਈ ਪੰਜਾਬੀ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਨੂੰ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਰਾਜਵੰਤ ਰਾਜ ਨੇ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਰਿੰਦਰ ਭਾਗੀ ਨੂੰ ਆਪਣਾ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ। ਨਰਿੰਦਰ ਭਾਗੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀਆਂ ਦੋ ਉਰਦੂ ਗ਼ਜ਼ਲਾਂ ਰਾਹੀਂ ਖ਼ੂਬਸੂਰਤ ਕਾਵਿਕ ਮਾਹੌਲ ਦੀ ਨੀਂਹ ਰੱਖ ਦਿੱਤੀ।
ਉਪਰੰਤ ਪ੍ਰੀਤ ਮਨਪ੍ਰੀਤ ਨੇ ‘ਲਾਹ ਵੀ ਦੇ ਹੁਣ ਚੁੱਪ ਦੇ ਪਰਦੇ ਬੋਲ ਜ਼ਰਾ ਕੁਝ ਚਾਨਣ ਕਰਦੇ, ਕਿੰਨੇ ਖਾਲੀ ਹੋ ਚੱਲੇ ਹਾਂ ਖਾਲੀ ਥਾਵਾਂ ਭਰਦੇ ਭਰਦੇ’ ਜਿਹੇ ਗੰਭੀਰ ਸ਼ਿਅਰਾਂ ਨਾਲ ਸਰੋਤਿਆਂ ਦੀ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿੱਤਰੀ ਸੁਖਜੀਤ ‘ਤੂੰ ਵੀ ਝੋਲੀ ਭਰ ਦਿੱਤੀ ਹੈ ਤੂੰ ਵੀ ਹਿੱਸਾ ਪਾ ਦਿੱਤਾ ਹੈ, ਮੇਰੇ ਕੋਲ ਤਾਂ ਪਹਿਲਾਂ ਹੀ ਪਰ ਆਪਣੇ ਦਰਦ ਬਥੇਰੇ ਸੀ’ ਲੈ ਕੇ ਔਰਤ ਵੇਦਨਾ ਦੀ ਸ਼ਾਇਰੀ ਦੇ ਰੂਬਰੂ ਹੋਈ। ਦਵਿੰਦਰ ਗੌਤਮ ਆਪਣੀਆਂ ਗ਼ਜ਼ਲਾਂ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡ ਗਿਆ ਜਦ ਉਸ ਨੇ ਕਿਹਾ ‘ਕੋਈ ਵੀ ਉਜਰ ਨਾ ਇਹ ਤਾਂ ਜਨਾਬ ਹੋ ਜਾਂਦਾ, ਤੁਹਾਨੂੰ ਦੇਖ ਕੇ ਆਪੇ ਅਦਾਬ ਹੋ ਜਾਂਦਾ’, ਰਾਜਵੰਤ ਰਾਜ ਨੇ ‘ਘਟਾਵਾਂ ਨੇ ਕਰੀ ਸਾਜ਼ਿਸ਼ ਤੇ ਭੋਲੇ ਮੋਰ ਨੱਚੇ ਨੇ, ਰਹੀ ਖਾਮੋਸ਼ ਹੀ ਝਾਂਜਰ ਇਕੱਲੇ ਬੋਰ ਨੱਚੇ ਨੇ’ ਜਿਹੇ ਖ਼ੂਬਸੂਰਤ ਸ਼ਿਅਰਾਂ ਨਾਲ ਸਰੋਤਿਆਂ ਦੀ ਖ਼ੂਬ ਦਾਦ ਖੱਟੀ।
ਫਿਰ ਦਵਿੰਦਰ ਗੌਤਮ ਨੇ ਸਟੇਜ ਸੰਚਾਲਨ ਸਾਂਭਦਿਆਂ ਸ਼ਬਦਾਂ ਦੇ ਜਾਦੂਗਰ ਇੰਦਰਜੀਤ ਧਾਮੀ ਨੂੰ ਪੇਸ਼ ਕੀਤਾ ਅਤੇ ਇੰਦਰਜੀਤ ਧਾਮੀ ਨੇ ‘ਇਹ ਕਲਪਨਾ ਵਿੱਚ ਖੁਤਖੁਤੀ ਸਾਡੇ ਜਗਾਉਂਦਾ ਕੌਣ ਹੈ, ਸੋਚੋ ਕਿ ਸਾਡੀ ਹੋਸ਼ ਨਾਲ ਯਾਰੀ ਪਵਾਉਂਦਾ ਕੌਣ ਹੈ’ ਰਾਹੀਂ ਸਰੋਤਿਆਂ ਦੀ ਕਲਪਨਾ ਨੂੰ ਹਲੂਣਿਆ। ਦਸਮੇਸ਼ ਗਿੱਲ ਫਿਰੋਜ਼ ਉਰਦੂ ਅਤੇ ਪੰਜਾਬੀ ਰੰਗ ਲੈ ਕੇ ਹਾਜ਼ਰ ਹੋਇਆ ‘ਛਾਂ ਦੀ ਚਾਦਰ ਸਿਰ ਤੋਂ ਮੇਰੇ ਧੁੱਪ ਨੇ ਫਿਰ ਲਾਹ ਲਈ, ਰੁੱਖ ਦੀ ਛਾਵੇਂ ਅਜੇ ਥੋੜ੍ਹਾ ਜਿਹਾ ਬੈਠਾ ਹਾਂ ਮੈਂ।’
ਗੁਰਮੀਤ ਸਿੱਧੂ ਨੇ ਸੱਤਿਅਮ, ਸ਼ਿਵਮ, ਸੁੰਦਰਮ ਨੂੰ ਇਉਂ ਪੇਸ਼ ਕੀਤਾ ‘ਸੱਚ, ਸੁਹੱਪਣ, ਸ਼ਿਵ ਤਿੰਨਾਂ ਲਈ ਇੱਕ ਸ਼ਬਦ ਹੈ ਕੀ, ਦੁਨੀਆ ਪੜ੍ਹਦੀ ਰਹੀ ਕਿਤਾਬਾਂ ਮੈਂ ਲਿਖ ਦਿੱਤਾ ਧੀ।’ ਬਲਦੇਵ ਸੀਹਰਾ ਸਿਸਟਮ ਨੂੰ ਸੰਬੋਧਨ ਹੋਇਆ ‘ਇਸ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈ, ਹੁੰਦਾ ਇਲਾਜ ਹੋਰ ਦਾ ਬਿਮਾਰ ਹੋਰ ਹੈ’। ਫਿਰ ਕ੍ਰਿਸ਼ਨ ਭਨੋਟ ਆਪਣੇ ਉਸਤਾਦੀ ਅੰਦਾਜ਼ ਵਿੱਚ ਪੇਸ਼ ਹੋਏ ਅਤੇ ਕਾਮਨਾ ਕੀਤੀ ‘ਮਿਲ ਕੇ ਦੁਆ ਕਰੋ ਹੁਣ ਕੋਈ ਕਦੇ ਨਾ ਵਿੱਛੜੇ, ਰਾਵੀ, ਚਨਾਬ, ਜੇਹਲਮ, ਸਤਲੁਜ ਵਾਗੂੰ’। ਅਖੀਰ ਵਿੱਚ ਪੇਸ਼ ਹੋਏ ਸ਼ਾਇਰ ਜਸਵਿੰਦਰ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਮਨਾਂ ਨੂੰ ਹਿਲਾਇਆ ਅਤੇ ਕਲਪਨਾ ਦੇ ਪੰਖੇਰੂਆਂ ਨੂੰ ਨਵੀਂ ਉਡਾਣ ਦਿੱਤੀ ‘ਝੀਲ ’ਤੇ ਫੇਰ ਪਰਿੰਦਿਆਂ ਨੂੰ ਬੁਲਾਇਆ ਜਾਏ, ਪਹਿਲਾਂ ਠਹਿਰੇ ਹੋਏ ਪਾਣੀ ਨੂੰ ਹਿਲਾਇਆ ਜਾਏ। ਤਾਂ ਜੋ ਇਹ ਜਾਣ ਸਕਣ ਕਾਲ-ਕਥਾ ਜੰਗਲ ਦੀ, ਤਾਜ਼ੇ ਪੱਤਿਆਂ ਨੂੰ ਜੜਾਂ ਨਾਲ ਮਿਲਾਇਆ ਜਾਏ।’
ਸਮੁੱਚੀ ਸ਼ਾਇਰੀ ਦਾ ਆਨੰਦ ਮਾਣਨ ਤੋਂ ਬਾਅਦ ਪ੍ਰਧਾਨਗੀ ਕਰ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਕੈਨੇਡਾ ਦੀ ਰਾਜਨੀਤੀ, ਆਰਥਿਕਤਾ ਅਤੇ ਕਾਰੋਬਾਰਾਂ ਵਿੱਚ ਝੰਡੇ ਗੱਡੇ ਹੋਏ ਹਨ, ਉਸੇ ਤਰ੍ਹਾਂ ਹੁਣ ਸਾਹਿਤ ਵਿੱਚ ਵੀ ਝੰਡੇ ਗੱਡ ਰਹੇ ਹਨ। ਉਸ ਨੇ ਕਿਹਾ ਕਿ ਦੁੱਖ ਤੇ ਪੀੜ ਨਾਲ ਭਰੇ ਮਨ ਨੂੰ ਹਲਕਾ ਫੁਲਕਾ ਕਰਨ ਲਈ, ਹਲਕੇ ਫੁਲਕੇ ਮਨ ਨੂੰ ਗੰਭੀਰ ਕਰਨ ਲਈ ਅਤੇ ਗੰਭੀਰ ਮਨਾਂ ਨੂੰ ਚਿੰਤਕ ਜਾਂ ਚਿੰਤਨਸ਼ੀਲ ਬਣਾਉਣ ਲਈ ਸੂਖ਼ਮ ਕਲਾਵਾਂ ਦਾ ਬਹੁਤ ਵੱਡਾ ਰੋਲ ਹੈ। ਸੁਰ-ਸੰਗੀਤ, ਗੀਤ, ਗ਼ਜ਼ਲ, ਕਵਿਤਾ, ਨਜ਼ਮ, ਚਿੱਤਰਕਾਰੀ ਦੀ ਮਨੁੱਖੀ ਸੱਭਿਅਤਾ ਨੂੰ ਦੇਣ ਸਾਇੰਸ ਤੋਂ ਕਿਤੇ ਜ਼ਿਆਦਾ ਹੈ। ਸਾਡੀ ਸੋਚ, ਭਾਵਨਾਵਾਂ, ਸੰਵੇਦਨਾ ਨੂੰ ਜਗਾਉਣਾ ਚਮਕਾਉਣਾ ਸਾਡੀਆਂ ਸੂਖ਼ਮ ਕਲਾਵਾਂ ਦੇ ਹਿੱਸੇ ਆਇਆ ਹੈ। ਉਸ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਪੇਸ਼ ਹੋਇਆ ਹਰ ਇੱਕ ਸ਼ਾਇਰ ਇੱਕ ਤੋਂ ਵੱਧ ਇੱਕ ਸੀ ਅਤੇ ਹਰ ਗ਼ਜ਼ਲ ਇੱਕ ਤੋਂ ਵੱਧ ਇੱਕ ਸੀ।
ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ ਨੇ ਸਮੁੱਚੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੱਤ ਸਮੁੰਦਰ ਪਾਰ ਆਪਣੀ ਜਨਮ ਭੂਮੀ ਤੋਂ, ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਆ ਕੇ ਤੁਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਏਨੇ ਵਧੀਆ ਉਪਰਾਲੇ ਕਰ ਰਹੇ ਹੋ ਜਿਸ ’ਤੇ ਸਾਨੂੰ ਮਾਣ ਹੈ। ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਵੱਲੋਂ ਪ੍ਰੋਗਰਾਮ ਦੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰੋ. ਬਾਵਾ ਸਿੰਘ ਤੇ ਸਤਿੰਦਰ ਕੌਰ ਕਾਹਲੋਂ ਨੂੰ ਸਤਿਕਾਰ ਦਿੱਤਾ ਗਿਆ।
ਸੰਪਰਕ: +1 604 308 6663