ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 25 ਸਤੰਬਰ
ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਅੱਜ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਮੁਹਾਲੀ ਜ਼ਿਲ੍ਹੇ ਵਿੱਚ ਹਾਲੇ ਤੱਕ ਪਿੰਡਾਂ ਦੇ ਰਾਖਵੇਂਕਰਨ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੋਣਾਂ ਦੇ ਐਲਾਨ ਦੇ ਨਾਲ ਹੀ ਰਾਖਵੇਂਕਰਨ ਦੀਆਂ ਸੂਚੀਆਂ ਜਾਰੀ ਨਾ ਕਰਨ ’ਤੇ ਸਵਾਲ ਚੁੱਕੇ ਹਨ, ਉੱਥੇ ਪਿੰਡਾਂ ਵਿੱਚ ਪੰਚੀ-ਸਰਪੰਚੀ ਲੜਨ ਦੇ ਚਾਹਵਾਨ ਵੀ ਰਾਖਵੇਂਕਰਨ ਸਬੰਧੀ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਭੰਬਲਭੂਸੇ ਵਿਚ ਹਨ।
ਸ੍ਰੀ ਸਿੱਧੂ ਨੇ ਆਖਿਆ ਕਿ ਹਾਕਮ ਧਿਰ ਆਪਣੇ ਹਿਸਾਬ ਨਾਲ ਪਿੰਡਾਂ ਦਾ ਰਾਖਵਾਂਕਰਨ ਕਰਾਉਣ ਲਈ ਅਧਿਕਾਰੀਆਂ ’ਤੇ ਦਬਾਅ ਪਾ ਰਹੀ ਹੈ। ਇਸੇ ਕਾਰਨ ਹਾਲੇ ਤੱਕ ਇਸ ਸਬੰਧੀ ਸੂਚੀਆਂ ਜਾਰੀ ਨਹੀਂ ਹੋ ਸਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ 27 ਸਤੰਬਰ ਤੋਂ ਨਾਮਜ਼ਦਗੀਆਂ ਵੀ ਦਾਖ਼ਲ ਹੋਣੀਆਂ ਹਨ ਪਰ ਪਿੰਡਾਂ ਦੇ ਵਸਨੀਕਾਂ ਨੂੰ ਇਸ ਗੱਲ ਬਾਰੇ ਕੋਈ ਅਧਿਕਾਰਤ ਜਾਣਕਾਰੀ ਹੀ ਨਹੀਂ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਸਰਪੰਚੀ ਜਨਰਲ ਹੈ, ਕਿਸੇ ਮਹਿਲਾ ਜਾਂ ਦਲਿਤ ਵਰਗ ਲਈ ਰਾਖਵੀਂ ਹੈ।
ਅੱਜ ਜਾਰੀ ਹੋ ਜਾਵੇਗੀ ਸੂਚੀ: ਬੀਡੀਪੀਓ
ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਖਵੇਂਕਰਨ ਦੀ ਸੂਚੀ ਸਬੰਧੀ ਨੋਟੀਫਿਕੇਸ਼ਨ 26 ਸਤੰਬਰ ਨੂੰ ਜਾਰੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਬਲਾਕ ਦੀਆਂ ਪੰਚਾਇਤਾਂ ਲਈ ਨਾਮਜ਼ਦਗੀ ਭਰਨ ਦੇ ਸਥਾਨ ਬਾਰੇ ਵੀ ਜਾਣਕਾਰੀ ਮੁਹੱਈਆ ਕਰਾ ਦਿੱਤੀ ਜਾਵੇਗੀ।