ਮੁੰਬਈ, 25 ਸਤੰਬਰ
ਸਿੰਧੂਦੁਰਗ ਵਿੱਚ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਉਥੇ 60 ਫੁੱਟ ਉੱਚੇ ਨਵੇਂ ਬੁੱਤ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਹੈ। ਨਵੇਂ ਬੁੱਤ ਦਾ ਆਕਾਰ ਪਿਛਲੇ ਨਾਲੋਂ ਲਗਪਗ ਦੁੱਗਣਾ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੁੱਤ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਸਰਕਾਰ ਨੇ ਕੰਮ ਪੂਰਾ ਕਰਨ ਲਈ ਛੇ ਮਹੀਨਿਆਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਪਿਛਲੇ ਸਾਲ 4 ਦਸੰਬਰ (ਨੇਵੀ ਦਿਵਸ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੰਧੂਦੁਰਗ ਜ਼ਿਲ੍ਹੇ ਵਿੱਚ 17ਵੀਂ ਸਦੀ ਦੇ ਮਰਾਠਾ ਸਮਰਾਟ ਛਤਰਪਤੀ ਸ਼ਿਵਾਜੀ ਮਹਾਰਾਜ ਦੇ 35 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ 26 ਅਗਸਤ ਨੂੰ ਤੇਜ਼ ਹਵਾਵਾਂ ਕਾਰਨ ਇਹ ਡਿੱਗ ਗਿਆ। -ਪੀਟੀਆਈ