ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਸਤੰਬਰ
ਇਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਅੱਜ ਵਿਦਿਆਰਥੀਆਂ ਦੇ ਧਰਨੇ ਦੇ ਚੌਥੇ ਦਿਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਪੁੱਜੀ। ਉਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਚੇਅਰਪਰਸਨ ਨੇ ਕਿਹਾ ਕਿ ਵਿਦਿਆਰਥਣਾਂ ਦੇ ਦੱਸਣ ਮੁਤਾਬਕ ਜੋ ਗ਼ਲਤ ਗੱਲਾਂ ਹੋਈਆਂ ਹਨ, ਉਸ ਦਾ ਜਵਾਬ ਮੰਗਿਆ ਜਾਵੇਗਾ, ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ। ਉਨ੍ਹਾਂ ਇਸ ਦੌਰਾਨ ਵਾਈਸ ਚਾਂਸਲਰ ਅਤੇ ਮਹਿਲਾ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕੀਮਤ ’ਤੇ ਖ਼ਰਾਬ ਨਹੀਂ ਹੋਣੀ ਚਾਹੀਦੀ ਅਤੇ ਇਸ ਮਸਲੇ ਦੇ ਹੱਲ ਲਈ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ। ਮਗਰੋਂ ਰਾਜ ਲਾਲੀ ਗਿੱਲ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮਸਲਾ ਜਲਦ ਹੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਧਰਨਾ ਸਮਾਪਤ ਹੋ ਜਾਵੇਗਾ। ਇਸ ਦੌਰਾਨ ਯੂਨੀਵਰਸਿਟੀ ਵਿੱਚ ਮੀਡੀਆ ਨੂੰ ਜਾਣ ਤੋਂ ਰੋਕਣ ਲਈ ਪ੍ਰਬੰਧਕਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਸਨ।
ਵੀਸੀ ਨੂੰ ਤੁਰੰਤ ਹਟਾ ਕੇ ਕਮੇਟੀ ਬਣਾਈ ਜਾਵੇ : ਡਾ. ਗਾਂਧੀ
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਵਿਦਿਆਰਥਣਾਂ ਵੱਲੋਂ ਵੀਸੀ ’ਤੇ ਲਗਾਏ ਦੋਸ਼ ਗੰਭੀਰ ਹਨ। ਇਸ ਕਰਕੇ ਵੀਸੀ ਨੂੰ ਤੁਰੰਤ ’ਵਰਸਿਟੀ ਵਿੱਚੋਂ ਚੱਲਦਾ ਕਰਕੇ ਕਮੇਟੀ ਬਣਾਈ ਜਾਵੇ ਤਾਂ ਹੀ ਵਿਦਿਆਰਥਣਾਂ ਨਾਲ ਇਨਸਾਫ਼ ਹੋਵੇਗਾ।
ਵਿਦਿਆਰਥੀਆਂ ਦੇ ਸਮਰਥਨ ’ਚ ਆਏ ਪ੍ਰਨੀਤ ਅਤੇ ਜੈਇੰਦਰ
ਪਟਿਆਲਾ (ਖੇਤਰੀ ਪ੍ਰਤੀਨਿਧ):
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਅੱਜ ਵਿਦਿਆਰਥੀਆਂ ਦੇ ਸਮਰਥਨ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ’ਤੇ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ।
ਸਾਰੇ ਘਟਨਾਕ੍ਰਮ ਬਾਰੇ ਹਾਈ ਕੋਰਟ ਨੂੰ ਦੱਸਿਆ: ਵੀਸੀ
ਪਟਿਆਲਾ (ਪੱਤਰ ਪ੍ਰੇਰਕ):
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਕਿਹਾ ਹੈ ਕਿ ਜੋ ਵੀ ਉਸ ’ਤੇ ਦੋਸ਼ ਲੱਗ ਰਹੇ ਹਨ ਉਹ ਗ਼ਲਤ ਹਨ। ਸਾਡੇ ਕੋਲ ਕੁਝ ਵਿਦਿਆਰਥਣਾਂ ਹੋਸਟਲ ਦੀਆਂ ਮੁਸ਼ਕਲਾਂ ਲੈ ਕੇ ਆਈਆਂ ਸਨ, ਜਿਸ ਕਰਕੇ ਉਹ, ਮਹਿਲਾ ਵਾਰਡਨ, ਸੁਰੱਖਿਆ ਗਾਰਡ ਕੁੜੀਆਂ ਨਾਲ ਹੋਸਟਲ ਵਿੱਚ ਦੁਪਹਿਰ ਵੇਲੇ ਗਏ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਵਿਦਿਆਰਥੀ ਇੰਜ ਕਿਉਂ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਚੱਲ ਰਹੀ ਹਰ ਤਰ੍ਹਾਂ ਦੀ ਗਤੀਵਿਧੀ ਬਾਰੇ ਹਾਈ ਕੋਰਟ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਹਨ।