ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਮਾਤਾ ਸੁੰਦਰੀ ਕਾਲਜ ਫ਼ਾਰ ਵਿਮੈਨ, ਦਿੱਲੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਅਗਵਾਈ ਹੇਠ ਕਾਲਜ ਦੇ ਵਿਹੜੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਰੀਨਾ ਸੋਨੋਵਾਲ ਕੋਲੀ (ਸੰਯੁਕਤ ਸਕੱਤਰ, ਸਿੱਖਿਆ ਮੰਤਰਾਲਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਜਤਿੰਦਰ ਕੁਮਾਰ ਤ੍ਰਿਪਾਠੀ (ਸੰਯੁਕਤ ਸਕੱਤਰ, ਯੂਜੀਸੀ) ਨੇ ਖਾਸ ਤੌਰ ’ਤੇ ਕਾਲਜ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋਂ ਆਏ ਮੈਬਰਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੇ ਇਤਿਹਾਸ ਦੇ ਨਾਲ ਵਾਤਾਵਰਨ ਸਬੰਧਤ ਵੱਖ-ਵੱਖ ਸ਼੍ਰੇਣੀਆਂ ਜਿਵੇਂ ਸਸਟੇਨਬਿਲਟੀ, ਜ਼ੀਰੋ ਵੇਸਟ ਪਹਿਲਕਦਮੀਆਂ, ਸਸਟੇਨੇਬਲ ਕੈਂਪਸ ਅਤੇ ਗ੍ਰੀਨ ਕੈਂਪਸ ਵਜੋਂ ਪ੍ਰਾਪਤ ਪੁਰਸਕਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਰੀਨਾ ਸੋਨੋਵਾਲ ਕੋਲੀ ਨੇ ‘ਇੱਕ ਦਰੱਖਤ ਮਾਂ ਦੇ ਨਾਂ’ ਮੁਹਿੰਮ ਤਹਿਤ ਬੂਟੇ ਲਗਾਉਣ ਦੇ ਪ੍ਰੋਗਰਾਮ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਕਮਿਊਨਿਟੀ ਆਊਟਰੀਚ ’ਤੇ ਜ਼ੋਰ ਦਿੱਤਾ। ਡਾ. ਜਤਿੰਦਰ ਕੁਮਾਰ ਤ੍ਰਿਪਾਠੀ ਨੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਸਭ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੇ ਪ੍ਰਬੰਧਕਾਂ ਵਜੋਂ ਪ੍ਰੋ. ਸਪਨਾ ਧਾਲੀਵਾਲ ਅਤੇ ਡਾ. ਕਵਿਤਾ ਸਿੰਘ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਵਾਤਾਵਰਨ ਜਾਗਰੂਕਤਾ ਅਤੇ ਭਾਈਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਪ੍ਰਤੀ ਬੂਟੇ ਲਗਾਉਣ ਦੀ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਰਹੀ।