ਪੱਤਰ ਪ੍ਰੇਰਕ
ਮਾਨਸਾ, 25 ਸਤੰਬਰ
ਪਿੰਡ ਕੁਲਰੀਆਂ ਦੇ ਜ਼ਮੀਨ ਬਚਾਓ ਮੋਰਚੇ ਸਬੰਧੀ ਅੱਜ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂਆਂ ਦੀ ਮੀਟਿੰਗ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਵੱਲੋਂ ਕੀਤੀ ਗਈ।ਜ਼ਿਲ੍ਹਾ ਪ੍ਰਸ਼ਾਸਨ ਅਤੇ ਜਥੇਬੰਦੀ ਦੀ ਵਿਸਥਾਰ ਪੂਰਵਕ ਚਰਚਾ ਦੌਰਾਨ ਮੀਟਿੰਗ ਚੰਗੇ ਹਾਂ-ਪੱਖੀ ਮਾਹੌਲ ਵਿੱਚ ਹੋਣ ਦੇ ਬਾਵਜੂਦ ਅੱਜ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਮੀਟਿੰਗ ਵਿੱਚ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ, ਐਸਡੀਐਮ ਬੁਢਲਾਡਾ, ਬੀਡੀਪੀਓ ਬੁਢਲਾਡਾ, ਡੀਐੱਸਪੀ ਬੁਢਲਾਡਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਜਥੇਬੰਦੀ ਨੇ ਪਿੰਡ ਕੁਲਰੀਆਂ ‘ਜ਼ਮੀਨ ਬਚਾਓ ਮੋਰਚਾ’ ਦਸਤੂਰ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਿਸ ਦੀ ਅਗਲੇ ਪੜਾਅ ਵਜੋਂ ਭਲਕੇ 26 ਸਤੰਬਰ ਨੂੰ ਕੁਲਰੀਆਂ ਵਿੱਚ ਮੁੜ ਤੋਂ ਕਾਫਲੇ ਪੁੱਜਣਗੇ ਅਤੇ ਇਹ ਲਗਾਤਾਰ 5 ਅਕਤੂਬਰ ਤੱਕ ਜਾਰੀ ਰਹਿਣਗੇ। ਇਸਦੇ ਨਾਲ ਹੀ 30 ਸਤੰਬਰ ਨੂੰ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਜ਼ਮੀਨੀ ਵਿਵਾਦ ਨੂੰ ਨਿਪਟਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਹੱਲ ਕੱਢਣ ਲਈ ਇੱਕ ਹਫਤੇ ਦਾ ਹੋਰ ਸਮਾਂ ਮੰਗਿਆ ਗਿਆ ਅਤੇ ਇੱਕ ਹਫਤੇ ਵਿੱਚ ਮਸਲਾ ਨਿਪਟਾਉਣ ਦਾ ਭਰੋਸਾ ਵੀ ਦਿਵਾਇਆ। ਅੱਜ ਦੀ ਵਿਚਾਰ ਚਰਚਾ ਵਿੱਚ ਭਾਵੇਂ ਕੋਈ ਫੈਸਲਾ ਨਹੀਂ ਹੋ ਸਕਿਆ, ਪ੍ਰੰਤੂ ਹਾਂ ਪੱਖੀ ਮਾਹੌਲ ਵਿੱਚ ਗੱਲਬਾਤ ਹੋਣ ਕਰਕੇ ਜਥੇਬੰਦੀ ਨੇ ਬੇਸ਼ੱਕ ਅਗਲਾ ਤਿੱਖਾ ਐਕਸ਼ਨ 30 ਸਤੰਬਰ ਤੱਕ ਮੁਲਤਵੀ ਕੀਤਾ ਗਿਆ, ਜਦੋਂਕਿ ਜ਼ਮੀਨ ਬਚਾਓ ਮੋਰਚੇ ਦੇ ਵੱਖ-ਵੱਖ ਪੜਾਵਾਂ ਵਿੱਚ ਜਾਣ ਵਾਲੇ ਕਾਫਲੇ ਲਗਾਤਾਰ ਜਾਰੀ ਰਹਿਣਗੇ। ਜਥੇਬੰਦੀ ਵੱਲੋਂ ਕੱਲ੍ਹ 26 ਸਤੰਬਰ ਨੂੰ ਦਾਣਾ ਮੰਡੀ ਕੁਲਰੀਆਂ ਵਿੱਚ ਭਾਰੀ ਇਕੱਠ ਕੀਤਾ ਜਾਵੇਗਾ।