ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਸਤੰਬਰ
ਥਾਣਾ ਫੋਕਲ ਪੁਆਇੰਟ ਵਿੱਚ ਅੱਜ ਸ੍ਰੀ ਬਾਲਾ ਜੀ ਇੰਟਰਪ੍ਰਾਈਜਿਜ਼ ਫੇਸ-6 ਫੋਕਲ ਪੁਆਇੰਟ ਦੇ ਮੈਨੇਜਰ ਖ਼ਿਲਾਫ਼ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਦੇ ਮਾਲਕ ਰਜਤ ਕੁਮਾਰ ਵਾਸੀ ਭਾਈ ਰਣਧੀਰ ਸਿੰਘ ਨਗਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਫਉਸ ਦੀ ਜਿੰਕ ਪਲੇਟਿੰਗ ਸ੍ਰੀ ਬਾਲਾ ਜੀ ਇੰਟਰਪਰਾਈਜਜ਼ ਨਾਮ ਦੀ ਫੈਕਟਰੀ ਹੈ। ਜਿਸ ਵਿੱਚ ਡਾਬਾ ਲੋਹਾਰਾ ਰੋਡ ਮੁਹੱਲਾ ਸਤਿਗੁਰੂ ਨਗਰ ਵਾਸੀ ਸਤਨਾਮ ਸਿੰਘ ਬਤੌਰ ਮੈਨੇਜਰ ਕੰਮ ਕਰਦਾ ਸੀ। ਜੋ ਫੈਕਟਰੀ ਦੇ ਸਾਰੇ ਕੰਮਕਾਰ ਦੀ ਦੇਖ-ਰੇਖ ਵੀ ਕਰਦਾ ਸੀ। ਮਾਲਕ ਨੇ ਦੱਸਿਆ ਕਿ ਜਦੋਂ ਉਸ ਨੇ 10 ਸਤੰਬਰ 2024 ਨੂੰ ਫੈਕਟਰੀ ਵਿੱਚ ਮਾਲ ਦੀ ਹੋਈ ਖਰੀਦ ਵੇਚ ਸਬੰਧੀ ਅਗਸਤ 2024 ਦਾ ਰਿਕਾਰਡ ਚੈੱਕ ਕੀਤਾ ਤਾ ਲਗਪਗ 30 ਲੱਖ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ। ਫੈਕਟਰੀ ਦੇ ਕੰਮ ਕਾਜ ਲਈ ਵੱਖਰਾ ਮੋਬਾਈਲ ਵੀ ਸਤਨਾਮ ਨੂੰ ਦਿੱਤਾ ਸੀ, ਜਿਸ ਵਿੱਚ ਸਾਰਾ ਡਾਟਾ ਮੌਜੂਦ ਸੀ। ਉਸ ਨੇ ਦੋਸ਼ ਲਾਇਆ ਕਿ ਸਤਨਾਮ ਸਿੰਘ ਨੇ ਜੀਮੇਲ ਰਾਹੀਂ ਉਹ ਸਾਰਾ ਡਾਟਾ ਵੀ ਡਿਲੀਟ ਕਰਵਾ ਦਿੱਤਾ ਹੈ।