ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਸਤੰਬਰ
ਝੋਨੇ ਦੀ ਖ਼ਰੀਦ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਬੈਨਰ ਹੇਠ ਅੱਜ ਅੰਬਾਲਾ-ਹਿਸਾਰ ਰੋਡ ’ਤੇ ਸਥਿਤ ਸ਼ਹਿਰ ਦੀ ਅਨਾਜ ਮੰਡੀ ਦੇ ਗੇਟ ਦੇ ਬਾਹਰ ਸੰਕੇਤਕ ਜਾਮ ਲਾ ਦਿੱਤਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਮ ਹਟਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਜੈ ਸਿੰਘ ਜਲਵੇੜਾ ਨੇ ਮੰਡੀ ਵਿੱਚ ਪੀਏ ਸਿਸਟਮ ਰਾਹੀਂ ਆੜ੍ਹਤੀਆਂ ਅਤੇ ਮੁਨੀਮਾਂ ਨੂੰ ਦੁਕਾਨਾਂ ਵਿਚੋਂ ਬਾਹਰ ਆ ਕੇ ਸੰਕੇਤਕ ਜਾਮ ਵਿੱਚ ਸ਼ਾਮਲ ਹੋਣ ਲਈ ਕਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨਾ ਮੰਡੀਆਂ ਵਿੱਚ ਪਹੁੰਚ ਗਿਆ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਖ਼ਰੀਦ ਨਹੀਂ ਕੀਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਕਾਰਨ ਮੰਡੀਆਂ ਵਿੱਚ ਪਿਆ ਝੋਨਾ ਭਿੱਜਦਾ ਰਿਹਾ। ਅੰਬਾਲਾ ਦੀਆਂ ਮੰਡੀਆਂ ਵਿੱਚ ਝੋਨੇ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਪਰਕ ਕਰਨ ’ਤੇ ਜੈ ਸਿੰਘ ਜਲਬੇੜਾ ਨੇ ਦੱਸਿਆ ਕਿ ਐੱਸਡੀਐੱਮ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਿਸ ਤੋਂ ਬਾਅਦ ਜਾਮ ਚੁੱਕ ਦਿੱਤਾ ਗਿਆ।