ਪੱਤਰ ਪ੍ਰੇਰਕ
ਅੰਮ੍ਰਿਤਸਰ, 26 ਸਤੰਬਰ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇੱਥੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ 1 ਤੋਂ 3 ਅਕਤੂਬਰ ਨੂੰ ਸੰਗਰੂਰ ’ਚ ਲੱਗਣ ਵਾਲੇ ਪੈਨਸ਼ਨ ਪ੍ਰਾਪਤੀ ਮੋਰਚੇ ਲਈ ਲਾਮਬੰਦੀ ਕੀਤੀ ਗਈ। ਸੂਬਾ ਕਨਵੀਨਰ ਨੇ ਕਿਹਾ ਕਿ ਦਿਨ-ਰਾਤ ਚੱਲਣ ਵਾਲਾ ਸੰਗਰੂਰ ਮੋਰਚਾ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਨੂੰ ਮਜ਼ਬੂਤੀ ਅਤੇ ‘ਆਪ’ ਸਰਕਾਰ ਦੀ ਮੁਲਾਜ਼ਮਾਂ ਨਾਲ ਵਾਅਦਾਖਿਲਾਫ਼ੀ ਨੂੰ ਗੰਭੀਰ ਚੁਣੌਤੀ ਦੇਵੇਗਾ। ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦੌਰਾਨ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਹੱਕ ’ਚ ਮਸ਼ਾਲ ਮਾਰਚ ਤੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ। ਆਖਰੀ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੰਗਰੂਰ ਪ੍ਰਸ਼ਾਸਨ ਹਰ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਤੋਂ ਪੱਲਾ ਝਾੜ ਦਿੰਦਾ ਹੈ, ਜਿਸ ਕਾਰਨ ਫਰੰਟ ਨੇ ਸੰਘਰਸ਼ ਛੇੜਨ ਦਾ ਫੈਸਲਾ ਕੀਤਾ ਹੈ।