ਬੀਰਬਲ ਰਿਸ਼ੀ
ਸ਼ੇਰਪੁਰ, 26 ਸਤੰਬਰ
ਰਾਮਨਗਰ ਛੰਨਾਂ ਵਿੱਚ ਕਾਰਾਂ ਦੇ ਟਾਇਰ ਅਤੇ ਕੁੱਝ ਹੋਰ ਹਿੱਸੇ ਮਿਲਣ ਮਗਰੋਂ ਅੱਜ ਸਥਾਨਕ ਕਿਸਾਨ ਆਗੂਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਤੇ ਬੀਜੇਪੀ ਕਿਸਾਨ ਮੋਰਚਾ ਦੇ ਸੂਬਾ ਬੁਲਾਰੇ ਨਰਿੰਦਰਪਾਲ ਸਿੰਘ ਛੰਨਾ ਨੇ ਦੱਸਿਆ ਕਿ ਪਿੰਡ ਰਾਮਨਗਰ ਛੰਨਾਂ ਵਿੱਚ ਕੁੱਝ ਵਿਅਕਤੀਆਂ ਨੇ ਕਾਰਾਂ ਦੇ ਹਿੱਸੇ ਤੇ ਹੋਰ ਆਮਾਨ ਸਬੰਧੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਇਕੱਤਰ ਲੋਕਾਂ ਨੇ ਸੁਆਲ ਖੜ੍ਹੇ ਕੀਤੇ ਕਿ ਇਹ ਕਾਰਾਂ ਦੇ ਹਿੱਸੇ ਪਿੰਡ ਵਿੱਚ ਕਿਵੇਂ, ਕਿੱਥੋਂ ਤੇ ਕਿਉਂ ਆਏ? ਇਸ ਮਗਰੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਆਗੂਆਂ ਅਨੁਸਾਰ ਪੁਲੀਸ ਨੇ ਕਾਰਾਂ ਦੇ ਤਕਰੀਬਨ ਤਿੰਨ ਹਿੱਸੇ ਤੇ ਹੋਰ ਸਾਮਾਨ ਜ਼ਬਤ ਕਰ ਕੇ ਹਾਲ ਦੀ ਘੜੀ ਪਿੰਡ ਵਿੱਚ ਹੀ ਰਖਵਾ ਦਿੱਤੇ ਹਨ। ਆਗੂਆਂ ਨੇ ਐੱਸਐੱਸਪੀ ਸੰਗਰੂਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਪੁਲੀਸ ਦੀ ਵੱਖਰੀ ਟੀਮ ਬਣਾ ਕੇ ਜਾਂਚ ਕੀਤੀ ਜਾਵੇ। ਜਾਂਚ ਅਧਿਕਾਰੀ ਏਐਸਆਈ ਸੁਰਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਾਰਾਂ ਦੇ ਹਿੱਸੇ ਮਿਲਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਤਫ਼ਤੀਸ਼ ਕੀਤੀ ਜਾ ਰਹੀ ਹੈ।