ਮੁੰਬਈ: ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਨੇ ਅੱਜ ਬੰਬੇ ਹਾਈ ਕੋਰਟ ਨੂੰ ਕਿਹਾ ਹੈ ਕਿ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਵਿੱਚੋਂ ਕੁਝ ਦ੍ਰਿਸ਼ ਹਟਾਉਣ ਤੋਂ ਬਾਅਦ ਫਿਲਮ ਨੂੰ ਪ੍ਰਮਾਣ ਪੱਤਰ ਜਾਰੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਬੋਰਡ ਦੀ ਪੁਨਰਨਿਰੀਖਣ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 30 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਫਿਲਮ ਦੀ ਰਿਲੀਜ਼ ਲਈ ਪ੍ਰਮਾਣ ਪੱਤਰ ਜਾਰੀ ਨਾ ਕੀਤੇ ਜਾਣ ਕਰ ਕੇ ਇਸ ਦਾ ਸੈਂਸਰ ਬੋਰਡ ਨਾਲ ਵਿਵਾਦ ਚੱਲ ਰਿਹਾ ਹੈ। ਕੰਗਨਾ ਰਣੌਤ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹ ਇਸ ਦੀ ਸਹਿ-ਨਿਰਮਾਤਾ ਵੀ ਹੈ। ਉਸ ਨੇ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ਵੀ ਨਿਭਾਈ ਹੈ। ਅਦਾਕਾਰਾ ਨੇ ਸੀਬੀਐੱਫਸੀ ’ਤੇ ਫਿਲਮ ਦੇ ਰਿਲੀਜ਼ ਵਿੱਚ ਦੇਰ ਕਰਨ ਵਾਸਤੇ ਪ੍ਰਮਾਣ ਪੱਤਰ ਜਾਰੀ ਨਾ ਕਰਨ ਦਾ ਦੋਸ਼ ਲਗਾਇਆ ਹੈ। ਜੀਵਨੀ ਆਧਾਰਿਤ ਇਹ ਫਿਲਮ ਉਦੋਂ ਵਿਵਾਦਾਂ ਵਿੱਚ ਆ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਸਣੇ ਕੁਝ ਸਿੱਖ ਜਥੇਬੰਦੀਆਂ ਨੇ ਇਸ ’ਤੇ ਇਤਰਾਜ਼ ਦਾਇਰ ਕੀਤਾ ਅਤੇ ਸਿੱਖ ਭਾਈਚਾਰੇ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕਿ ਦਿਖਾਉਣ ਦਾ ਦੋਸ਼ ਲਗਾਇਆ। ਬੈਂਚ ਨੇ ਅੱਜ ਸੀਬੀਐੱਫਸੀ ਨੂੰ ਸਵਾਲ ਕੀਤਾ ਕਿ ਕੀ ਫਿਲਮ ਨੂੰ ਲੈ ਕੇ ਚੰਗੀ ਖ਼ਬਰ ਹੈ। ਸੀਬੀਐੱਫਸੀ ਵੱਲੋਂ ਪੇਸ਼ ਹੋਏ ਵਕੀਲ ਅਭਿਨਵ ਚੰਦਰਚੂੜ ਨੇ ਅਦਾਲਤ ਨੂੰ ਦੱਸਿਆ ਕਿ ਬੋਰਡ ਦੀ ਪੁਨਰਨਿਰੀਖਣ ਕਮੇਟੀ ਨੇ ਆਪਣਾ ਫੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ, ‘ਕਮੇਟੀ ਨੇ ਪ੍ਰਮਾਣ ਪੱਤਰ ਜਾਰੀ ਕਰਨ ਤੋਂ ਪਹਿਲਾਂ ਕੁਝ ਦ੍ਰਿਸ਼ਾਂ ਨੂੰ ਫਿਲਮ ’ਚੋਂ ਹਟਾਉਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ।’ -ਪੀਟੀਆਈ