ਖੰਨਾ:
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਸ਼ਵਨੀ ਗੁਟਿਆਲ ਦੇ ਨਿਰਦੇਸ਼ਾਂ ਅਨੁਸਾਰ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ। ਡੀਐੱਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਪ੍ਰਦੀਪ ਕੁਮਾਰ ਭਾਰਦਵਾਜ ਪਾਸੋਂ ਅਣਪਛਾਤੇ ਵਿਅਕਤੀ ਬਾਬਾ ਬਣ ਕੇ 10 ਹਜ਼ਾਰ ਰੁਪਏ ਨਗਦ, ਦੋ ਸੋਨੇ ਦੀਆਂ ਮੁੰਦਰੀਆਂ ਅਤੇ ਇਕ ਸੋਨੇ ਦਾ ਬਰੈਸਲੇਟ ਠੱਗ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਮਾਮਲਾ ਦਰਜ ਕਰਕੇ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਅਮਨਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਕਥਿਤ ਦੋਸ਼ੀਆਂ ਨੂੰ ਟਰੇਸ ਕੀਤਾ। ਪੁਲੀਸ ਵੱਲੋਂ ਕਥਿਤ ਦੋਸ਼ੀ ਦਲਵੀਰ ਸਿੰਘ ਉਰਫ਼ ਸੋਨੂੰ, ਅਕਬਰ ਉਰਫ਼ ਗਾਂਧੀ ਉਰਫ਼ ਅਸ਼ੋਕ, ਦੀਪਕ ਉਰਫ਼ ਜੋਗਿੰਦਰ ਸਿੰਘ ਅਤੇ ਰਾਣੀ (ਚਾਰੇ ਵਾਸੀ ਤਰਨਤਾਰਨ) ਨੂੰ ਮੋਟਰਸਾਈਕਲ ਨੰਬਰ ਪੀਬੀ 09 ਆਰ 4890 ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸੀਟੀ 100 ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਠੱਗੀ ਦੀ ਕਾਰਵਾਈ ਨੂੰ ਕਬੂਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਠੱਗੇ ਸਾਮਾਨ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ