ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਸਤੰਬਰ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਥਾਨੇਸਰ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸੁਧਾ ਅਤੇ ਲਾਡਵਾ ਤੋਂ ਉਮੀਦਵਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਹੱਕ ਵਿੱਚ ਚੋਣ ਰੈਲੀਆਂ ਕੀਤੀਆਂ। ਇਸ ਦੌਰਾਨ ਗਡਕਰੀ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਹੈ ਕਿਸਾਨਾਂ ਨੂੰ ਅੰਨ ਦੇਣ ਵਾਲੇ ਦੇ ਨਾਲ-ਨਾਲ ਊਰਜਾ ਪ੍ਰਦਾਨ ਕਰਨ ਵਾਲਾ ਵੀ ਬਣਾਇਆ ਜਾਵੇ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਕਾਂਗਰਸ ਨੇ ‘ਗਰੀਬੀ ਹਟਾਓ ਦਾ ਨਾਅਰਾ’ ਦਿੱਤਾ ਪਰ ਗਰੀਬੀ ਤਾਂ ਦੂਰ ਨਹੀਂ ਹੋਈ, ਸਗੋਂ ਇਸ ਪਾਰਟੀ ਦੇ ਆਗੂਆਂ ਨੇ ਆਪਣੀ ਗਰੀਬੀ ਦੂਰ ਕਰ ਲਈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਦੇਸ਼ ਲਈ ਅਨਾਜ ਦੇ ਭੰਡਾਰ ਹਨ ਤੇ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਦੀ ਮਿਹਨਤ ਸਦਕਾ ਇੱਥੇ ਅਨਾਜ ਦੀ ਪੈਦਾਵਾਰ ਹੋਰ ਸੂਬਿਆਂ ਨਾਲੋਂ ਵੱਧ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਪਰਾਲੀ ਉਨ੍ਹਾਂ ਲਈ ਖੁਸ਼ਹਾਲੀ ਦਾ ਕਾਰਨ ਬਣਨ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਨਵੀਂ ਤਕਨੀਕ ਆ ਗਈ ਹੈ, ਜਿਸ ਨਾਲ ਦੇਸ਼ ਵਿੱਚ ਪਰਾਲੀ ਤੋਂ ਬਾਇਓ ਸੀਐਨਜੀ ਤੇ ਬਾਇਓ ਐਲਐਨਜੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਪਿੰਡਾਂ ’ਚ ਕਿਸਾਨ ਖੁਦਕੁਸ਼ੀਆਂ ਕਰਨ ਲੱਗ ਪਏ ਸਨ, ਪਰ ਭਾਜਪਾ ਸਰਕਾਰ ਨੇ ਭਲਾਈ ਯੋਜਨਾਵਾਂ ਨਾਲ ਮਜ਼ਦੂਰਾਂ ਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਹੈ।