ਮੁੰਬਈ, 26 ਸਤੰਬਰ
ਭਾਜਪਾ ਆਗੂ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮੱਈਆ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ’ਚ ਮੁੰਬਈ ਦੀ ਅਦਾਲਤ ਨੇ ਅੱਜ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ 15 ਦਿਨ ਦੀ ਸਾਧਾਰਨ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਾਅਦ ਵਿੱਚ ਅਦਾਲਤ ਨੇ ਸਜ਼ਾ 30 ਦਿਨ ਲਈ ਟਾਲ ਦਿੱਤੀ ਤੇ ਰਾਜ ਸਭਾ ਮੈਂਬਰ ਨੂੰ ਉਨ੍ਹਾਂ ਦੀ ਅਰਜ਼ੀ ’ਤੇ ਜ਼ਮਾਨਤ ਦੇ ਦਿੱਤੀ। ਮੈਟਰੋਪੌਲੀਟਨ ਮੈਜਿਸਟਰੇਟ (ਸਿਵੜੀ ਅਦਾਲਤ) ਨੇ ਰਾਜ ਸਭਾ ਮੈਂਬਰ ਰਾਊਤ ਨੂੰ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਮਗਰੋਂ ਰਾਊਤ ਦੇ ਵਕੀਲ ਨੇ ਸਜ਼ਾ ਮੁਲਤਵੀ ਕਰਨ ਤੇ ਉਨ੍ਹਾਂ ਨੂੰ ਜ਼ਮਾਨਤ ਦੇਣ ਲਈ ਦੋ ਪਟੀਸ਼ਨਾਂ ਦਾਇਰ ਕੀਤੀਆਂ, ਜਿਨ੍ਹਾਂ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।ਮੇਧਾ ਸੋਮਈਆ ਨੇ ਵਕੀਲ ਵਿਵੇਕਾਨੰਦ ਗੁਪਤਾ ਰਾਹੀਂ ਦਾਇਰ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਰਾਊਤ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਬੇਬੁਨਿਆਦ ਤੇ ਪੂਰੀ ਤਰ੍ਹਾਂ ਮਾਣਹਾਨੀ ਵਾਲੇ ਦੋਸ਼ ਲਾਏ ਸਨ। ਭਾਜਪਾ ਆਗੂ ਕਿਰੀਟ ਸੋਮਈਆ ਨੇ ਦੋਸ਼ ਲਾਇਆ ਕਿ ਪੁਲੀਸ ਨੇ ਤਤਕਾਲੀ ਊਧਵ ਸਰਕਾਰ ਦੇ ਦਬਾਅ ਹੇਠ ਸ਼ਿਵ ਸੈਨਾ (ਯੂਬੀਟੀ) ਨੇਤਾ ਖ਼ਿਲਾਫ਼ ਉਨ੍ਹਾਂ ਦੀ ਪਤਨੀ ਦੀ ਸ਼ਿਕਾਇਤ ਸਵੀਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਜਾਣਾ ਪਿਆ। -ਪੀਟੀਆਈ
ਚੋਣਾਂ ਤੋਂ ਪਹਿਲਾਂ ਮੈਨੂੰ ਬਲੀ ਦਾ ਬੱਕਰਾ ਬਣਾਇਆ: ਰਾਊਤ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ ਅਤੇ ਉਹ ਇਸ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਣਗੇ। ਰਾਊਤ ਨੇ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਚੀਫ ਜਸਟਿਸ ਦੇ ਘਰ ਮੋਦਕ ਖਾਣ ਜਾਂਦੇ ਹਨ ਤਾਂ ਭ੍ਰਿਸ਼ਟਾਚਰ ਤੇ ਹੋਰ ਮੁੱਦਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਉਨ੍ਹਾਂ ਜਿਹੇ ਲੋਕਾਂ ਨੂੰ ਨਿਆਂ ਕਿਵੇਂ ਮਿਲੇਗਾ?