ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 27 ਸਤੰਬਰ
ਨਵਾਂ ਗਰਾਉਂ ਕੋਲ ਸਿੰਘਾ ਦੇਵੀ ਕਲੋਨੀ ਵਾਲੀ ਨਦੀ ’ਤੇ ਉਸਾਰੀ ਦੇ ਅੱਧ ਵਿਚਾਲੇ ਪਿਆ ਕੰਮ ਮੁਕੰਮਲ ਕਰਵਾਉਣ ਲਈ ਜਥੇਦਾਰ ਬਲਜੀਤ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ। ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੰਘਾ ਦੇਵੀ ਕਲੋਨੀ ਵਿੱਚ ਪਿਛਲੇ ਕਰੀਬ ਤਿੰਨ-ਚਾਰ ਸਾਲ ਪਹਿਲਾਂ ਪਟਿਆਲਾ ਦੀ ਰਾਉ ਨਦੀ ’ਤੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਨਦੀ ਵਿੱਚ ਪੁਲ ਬਣ ਗਿਆ ਹੈ ਪਰ ਇਸ ਦੇ ਦੁਵੱਲੇ ਮਿੱਟੀ ਦਾ ਭਰਤ ਪਾ ਕੇ ਸਿਰਫ ਸੜਕ ਬਣਾਉਣੀ ਅਜੇ ਬਾਕੀ ਹੈ, ਜਿਸਦਾ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਕੰਮ ਠੱਪ ਪਿਆ ਹੈ। ਇਸ ਕਰਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲਜੀਤ ਸਿੰਘ ਖਾਲਸਾ ਨੇ ਪੁਲ ’ਤੇ ਚਿਤਾਵਨੀ ਬੋਰਡ ਲਗਾ ਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਸਰਕਾਰ ਕੋਲ ਪੈਸੇ ਖਤਮ ਹੋ ਗਏ ਹਨ ਜਾਂ ਇਸ ਪੁਲ ਦਾ ਰਹਿੰਦਾ ਉਸਾਰੀ ਕੰਮ ਕਰਵਾਉਣ ਤੋਂ ਅਸਮਰੱਥ ਹੈ ਤਾਂ ਲਿਖ ਕੇ ਦੇ ਦੇਣ ਮਗਰੋਂ ਇਹ ਕੰਮ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰਵਾ ਕੇ ਲੋਕਾਂ ਨੂੰ ਪੁਲ ਚਾਲੂ ਕਰਵਾ ਦੇਣਗੇ।