ਰਤਨ ਸਿੰਘ ਢਿੱਲੋਂ
ਅੰਬਾਲਾ, 27 ਸਤੰਬਰ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਅੰਬਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਮੁਲਾਣਾ (ਰਾਖਵਾਂ), ਨਰਾਇਣਗੜ੍ਹ ਅਤੇ ਅੰਬਾਲਾ ਸ਼ਹਿਰ ਦੇ ਭਾਜਪਾ ਉਮੀਦਵਾਰਾਂ (ਸੰਤੋਸ਼ ਚੌਹਾਨ ਸਾਰਵਾਨ, ਪਵਨ ਸੈਣੀ ਅਤੇ ਅਸੀਮ ਗੋਇਲ) ਦੀ ਜਿੱਤ ਯਕੀਨੀ ਬਣਾਉਣ ਲਈ ਜਨ ਆਸ਼ੀਰਵਾਦ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਬਰਾੜਾ ਦੀ ਅਨਾਜ ਮੰਡੀ ਪਹੁੰਚੇ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਵੀ ਮੌਜੂਦ ਸਨ। ਮੁੱਖ ਮੰਤਰੀ ਨਾਇਬ ਸੈਣੀ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਅਮਿਤ ਸ਼ਾਹ ਨੇ ਆਪਣਾ ਸਾਰਾ ਭਾਸ਼ਣ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਕੇ ਦਿੱਤਾ ਅਤੇ ਕਿਹਾ ਕਿ ‘ਰਾਹੁਲ ਬਾਬਾ ਝੂਠ ਬੋਲਣ ਦੀ ਮਸ਼ੀਨ ਹੈ’। ਉਨ੍ਹਾਂ ਕਿਹਾ ਕਿ ਸੈਣੀ ਸਰਕਾਰ ਨੇ 24 ਫਸਲਾਂ ’ਤੇ ਐੱਮਐੱਸਪੀ ਦੇ ਦਿੱਤੀ ਹੈ, ਕਾਂਗਰਸ ਵਾਲੇ ਕਿਹੜੀ ਐੱਮਐੱਸਪੀ ਦੇਣਗੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਝੋਨਾ 3100 ਰੁਪਏ ਖ਼ਰੀਦਿਆ ਜਾਵੇਗਾ। ਕਿਸਾਨ ਜੋ ਵੀ ਉਪਜਾਉਣਗੇ ਐੱਮਐੱਸਪੀ ’ਤੇ ਖ਼ਰੀਦਿਆ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਸ਼ਮੀਰ ਵਿਚ ਅਤਿਵਾਦੀਆਂ ਅਤੇ ਪੱਥਰਬਾਜਾਂ ਦੀ ਥਾਂ ਜੇਲ੍ਹ ਵਿੱਚ ਹੈ। ਰਾਹੁਲ ਨੇ ਯੂਐੱਸਏ ਵਿੱਚ ਜਾ ਕੇ ਵੀ ਝੂਠ ਬੋਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੇ 2015 ਵਿਚ ਸੈਨਿਕਾਂ ਲਈ ਵਨ ਰੈਂਕ-ਵਨ ਪੈਨਸ਼ਨ ਦੀ ਨੀਤੀ ਲਾਗੂ ਕੀਤੀ ਅਤੇ ਹੁਣ ਤੀਜਾ ਵਰਯਨ ਲਾਗੂ ਹੋ ਗਿਆ ਹੈ।ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੇ ਹਰੇਕ ਅਗਨੀਵੀਰ ਨੂੰ ਹਰਿਆਣਾ ਸਰਕਾਰ ਤੇ ਭਾਰਤ ਸਰਕਾਰ ਸੌਫ਼ੀਸਦੀ ਪੈਨਸ਼ਨ ਵਾਲੀ ਨੌਕਰੀ ਦੇਣਗੀਆਂ।ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਸਰਕਾਰ ਬਣਨ ’ਤੇ ਕਿਸਾਨਾਂ ਨੂੰ 6 ਹਜ਼ਾਰ ਦੀ ਥਾਂ ਵਧਾ ਕੇ 10 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣਗੇ, ਆਯੁਸ਼ਮਾਨ ਭਾਰਤ ਵਿੱਚ ਲਈ ਪੰਜ ਲੱਖ ਦੀ ਥਾਂ 10 ਲੱਖ ਕਰ ਦਿਆਂਗੇ ਅਤੇ ਬਜ਼ੁਰਗਾਂ ਨੂੰ ਪੰਜ ਲੱਖ ਰੁਪਏ ਹੋਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਅੰਬਾਲਾ ਵਿਚ ਇਨਟੈੱਗਰੇਟਿਡ ਟੈਕਸਟਾਈਲ ਪਾਰਕ ਅਤੇ ਰੈਡੀਮੇਡ ਕੱਪੜਿਆਂ ਦੇ ਉਦਯੋਗ ਦੀ ਸਥਾਪਨਾ ਹੋਵੇਗੀ, ਸ਼ਾਹਜ਼ਾਦਪੁਰ ਖੰਡ ਮਿੱਲ ਚਾਲੂ ਕਰਾਂਗੇ, ਵਿਸ਼ਵਕਰਮਾ ਯੂਨੀਵਰਸਿਟੀ ਕਾਇਮ ਕਰਾਂਗੇ, ਸਿਵਲ ਹਸਪਤਾਲ ਵਿਚ ਆਈਸੀਯੂ ਬਣਾਵਾਂਗੇ, ਓਲੰਪਿਕ ਖੇਡ ਨਰਸਰੀ ਬਣਾਵਾਂਗੇ ਅਤੇ ਖਰਖੋਦਾ ਵਰਗਾ ਇਕ ਉਦਯੋਗਿਕ ਸ਼ਹਿਰ ਵੀ ਅੰਬਾਲਾ ਵਿਚ ਕਾਇਮ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜ ਲੱਖ ਨੌਜਵਾਨਾਂ ਨੂੰ ਬਿਨਾ ਖ਼ਰਚੀ ਪਰਚੀ ਰੁਜ਼ਗਾਰ ਦਿਆਂਗੇ, ਸਰਕਾਰੀ ਹਸਪਤਾਲਾਂ ਵਿਚ ਸਾਰਿਆਂ ਲਈ ਡਾਇਲੈਸਿਸ ਫਰੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਨਾਇਬ ਸਿੰਘ ਸੈਣੀ ਦੀ ਅਗਵਾਈ ਵਿਚ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਾਗਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ 56 ਦਿਨਾਂ ਦੇ ਰਾਜ ਵਿਚ 126 ਕੰਮ ਕੀਤੇ ਹਨ। ਜ਼ਿਕਰਯੋਗ ਹੈ ਕਿ ਅੰਬਾਲਾ ਕੈਂਟ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਇਸ ਰੈਲੀ ਵਿਚ ਸ਼ਾਮਲ ਨਹੀਂ ਹੋਏ।