ਚੰਡੀਗੜ੍ਹ(ਕੁਲਦੀਪ ਸਿੰਘ): ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਸੀਵਰੇਜ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਅੱਜ ਦੂਸਰੇ ਦਿਨ ਵੀ ਸੜਕਾਂ ’ਤੇ ਪਾਣੀ ਭਰਿਆ ਰਿਹਾ ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹੇ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਿੱਥੇ ਪਾਣੀ ਭਰਿਆ ਹੋਇਆ ਸੀ, ਉੱਥੇ ਹੀ ਬੁੜੈਲ ਜੇਲ੍ਹ ਦੇ ਨਜ਼ਦੀਕ ਸੈਕਟਰ 51 ਸਥਿਤ ਨਿਊ-ਲਾਈਟ ਸੁਸਾਇਟੀ ਦੇ ਗੇਟ ਅੱਗੇ ਭਰੇ ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ। ਜੇਲ੍ਹ ਅਤੇ ਸੈਕਟਰ 51 ਦੀ ਦਰਮਿਆਨੀ ਸੜਕ ’ਤੇ ਪਾਣੀ ਰਾਹਗੀਰਾਂ ਲਈ ਪ੍ਰੇਸ਼ਾਨੀ ਬਣਿਆ ਰਿਹਾ ਅਤੇ ਸਕੂਲਾਂ ਤੋਂ ਘਰ ਆ ਰਹੇ ਬੱਚੇ ਵੀ ਸੀਵਰੇਜ ਦੇ ਓਵਰਫਲੋਅ ਹੋਏ ਪਾਣੀ ਵਿੱਚੋਂ ਦੀ ਪੈਦਲ ਲੰਘ ਕੇ ਘਰਾਂ ਤੱਕ ਪਹੁੰਚੇ। ਸੈਕਟਰ 35-ਡੀ ਦੀ ਮਾਰਕੀਟ ਵਾਲੇ ਪਾਸੇ ਵੀ ਸੜਕ ’ਤੇ ਪਾਣੀ ਭਰ ਗਿਆ, ਇਸ ਤੋਂ ਇਲਾਵਾ ਹੋਰਨਾਂ ਕਈ ਸੈਕਟਰਾਂ ਵਿੱਚ ਵੀ ਪਾਣੀ ਹੀ ਪਾਣੀ ਫਿਰ ਰਿਹਾ ਸੀ। ਭਾਵੇਂ ਲਗਪੱਗ ਅੱਧੇ ਕੁ ਘੰਟੇ ਦੇ ਸਮੇਂ ਵਿੱਚ ਨਿਕਾਸੀ ਹੋ ਗਈ ਸੀ ਪ੍ਰੰਤੂ ਇੱਕ ਵਾਰ ਪਾਣੀ ਜਮ੍ਹਾਂ ਹੋਣ ਕਰਕੇ ਟ੍ਰੈਫ਼ਿਕ ਵਿੱਚ ਵਿਘਨ ਜ਼ਰੂਰ ਪਿਆ।