ਇਸਲਾਮਾਬਾਦ, 27 ਸਤੰਬਰ
ਅਜ਼ਰਬਾਇਜਾਨ ਨੇ ਪਾਕਿਸਤਾਨ ਨਾਲ 1.6 ਅਰਬ ਡਾਲਰ ਦੇ ਸੌਦੇ ਤਹਿਤ ਜੇਐੱਫ-17 ਬਲਾਕ III ਲੜਾਕੂ ਜੈੱਟ ਖ਼ਰੀਦੇ ਹਨ। ਪਾਕਿਸਤਾਨੀ ਫ਼ੌਜ ਨੇ ਬਿਆਨ ’ਚ ਕਿਹਾ ਕਿ ਅਜ਼ਰਬਾਇਜਾਨ ਨੇ ਹੁਣੇ ਜਿਹੇ ਜੈੱਟਾਂ ਦੀ ਖ਼ਰੀਦ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਮਝੌਤੇ ’ਤੇ ਫਰਵਰੀ ’ਚ ਸਹੀ ਪਾਈ ਗਈ ਸੀ। ਅਜ਼ਰਬਾਇਜਾਨ ਤੀਜਾ ਮੁਲਕ ਬਣ ਗਿਆ ਹੈ, ਜਿਸ ਨੇ ਪਾਕਿਸਤਾਨ ਤੋਂ ਜੇਐੱਫ-17 ਜੈੱਟ ਖ਼ਰੀਦੇ ਹਨ। ਇਸ ਤੋਂ ਪਹਿਲਾਂ ਮਿਆਂਮਾਰ ਅਤੇ ਨਾਇਜੀਰੀਆ ਨੇ ਇਹ ਜੈੱਟ ਖ਼ਰੀਦੇ ਸਨ। ਇਰਾਕ ਵੀ ਪਾਕਿਸਤਾਨ ਤੋਂ ਜੈੱਟ ਖ਼ਰੀਦੇ ਜਾਣ ਬਾਰੇ ਵਿਚਾਰ ਕਰ ਰਿਹਾ ਹੈ। ਹਲਕੇ ਅਤੇ ਇਕ ਇੰਜਣ ਵਾਲੇ ਲੜਾਕੂ ਜੈੱਟ ਪਾਕਿਸਤਾਨ ਐਰੋਨੌਟੀਕਲ ਕੰਪਲੈਕਸ ਅਤੇ ਚੀਨ ਦੇ ਚੇਂਗਦੂ ਏਅਰਕ੍ਰਾਫਟ ਇੰਡਸਟਰੀ ਗਰੁੱਪ ਵੱਲੋਂ ਵਿਕਸਤ ਕੀਤੇ ਗਏ ਹਨ। -ਪੀਟੀਆਈ