ਗਗਨਦੀਪ ਅਰੋੜਾ
ਲੁਧਿਆਣਾ, 27 ਸਤੰਬਰ
ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਟੌਲ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ। ਮੰਗਾਂ ਪੂਰੀਆਂ ਨਾ ਹੋਣ ’ਤੇ ਮੁਲਾਜ਼ਮਾਂ ਨੇ ਕਰੀਬ ਘੰਟਾ ਟੌਲ ਬੰਦ ਰੱਖਿਆ। ਹੜਤਾਲ ਤੋਂ ਪਹਿਲਾਂ ਮੁਲਾਜ਼ਮਾਂ ਨੇ ਟੌਲ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਜਦੋਂ ਕੋਈ ਸਮਝੌਤਾ ਨਾ ਹੋਇਆ ਤਾਂ ਉਹ ਸਾਰੇ ਕੰਮ ਛੱਡ ਕੇ ਪ੍ਰਦਰਸ਼ਨ ਕਰਨ ਲੱਗੇ। ਘੰਟੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਣ ’ਤੇ ਕੰਪਨੀ ਨੇ ਮੁੜ ਗੱਲਬਾਤ ਕਰਕੇ ਮੁਲਾਜ਼ਮਾਂ ਦੀਆਂ ਚਾਰ ਮੁੱਖ ਮੰਗਾਂ ’ਤੇ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਸਾਰੇ ਵਾਹਨਾਂ ਤੋਂ ਟੌਲ ਵਸੂਲੀ ਸ਼ੁਰੂ ਕਰ ਦਿੱਤੀ ਗਈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਲਾਡੋਵਾਲ ਯੂਨੀਅਨ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕੰਪਨੀ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਨਾ ਤਾਂ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾ ਰਹੀ ਸੀ ਅਤੇ ਨਾ ਹੀ ਈਐੱਸਆਈ ਬਾਰੇ ਗੱਲ ਕੀਤੀ ਜਾ ਰਹੀ ਸੀ, ਜਿਸ ਕਾਰਨ ਸਾਰੇ ਮੁਲਾਜ਼ਮ ਕਾਫੀ ਪ੍ਰੇਸ਼ਾਨ ਸਨ। ਪਿਛਲੇ ਕਾਫੀ ਸਮੇਂ ਤੋਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਰਹੀ ਸੀ, ਪਰ ਕੰਪਨੀ ਦੇ ਅਧਿਕਾਰੀ ਹਰ ਵਾਰ ਟਾਲ ਦਿੰਦੇ ਸਨ। ਬੀਤੇ ਦਿਨ ਮੀਟਿੰਗ ਕਰਕੇ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਸੀ। ਅੱਜ ਸਵੇਰੇ ਇੱਕ ਵਾਰ ਫਿਰ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਪਰ ਉਹ ਨਹੀਂ ਮੰਨੇ ਜਿਸ ਮਗਰੋਂ ਸਾਰੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਅਤੇ ਕਰੀਬ ਇੱਕ ਘੰਟੇ ਤੱਕ ਟੌਲ ਪਲਾਜ਼ਾ ਬੰਦ ਰਿਹਾ। ਇੱਥੋਂ ਲੰਘਣ ਵਾਲੇ ਕਿਸੇ ਵੀ ਵਾਹਨ ਤੋਂ ਕੋਈ ਟੌਲ ਨਹੀਂ ਵਸੂਲਿਆ ਗਿਆ, ਜਿਸ ਮਗਰੋਂ ਕੰਪਨੀ ਅਧਿਕਾਰੀਆਂ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ।