ਚਰਨਜੀਤ ਭੁੱਲਰ
ਚੰਡੀਗੜ੍ਹ, 27 ਸਤੰਬਰ
ਪੰਜਾਬ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤੇ ਜਾਣ ਬਾਰੇ ਸੁਨੀਲ ਜਾਖੜ ਦੀ ਚੁੱਪ ’ਤੇ ਸੁਆਲ ਉੱਠਣ ਲੱਗੇ ਹਨ। ਹਾਲਾਂਕਿ ਅਧਿਕਾਰਤ ਤੌਰ ’ਤੇ ਸੁਨੀਲ ਜਾਖੜ ਦੇ ਅਸਤੀਫ਼ੇ ਬਾਰੇ ਕੋਈ ਖ਼ਬਰ ਨਹੀਂ ਆਈ ਹੈ ਪ੍ਰੰਤੂ ਜਾਖੜ ਨੇ ਵੀ ਹਾਲੇ ਤੱਕ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਜਾਖੜ ਦੇ ਇਸ ਕਦਮ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਮਾਹੌਲ ਜ਼ਰੂਰ ਗਰਮਾ ਗਿਆ ਹੈ। ਖ਼ਾਸ ਕਰਕੇ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ’ਤੇ ਤਨਜ਼ ਕੱਸਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਭਾਜਪਾ ਆਗੂ ਜਾਖੜ ਦੇ ਬਚਾਅ ਪੱਖ ਵਿਚ ਆ ਗਏ ਹਨ। ਪਤਾ ਲੱਗਾ ਹੈ ਕਿ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ 30 ਸਤੰਬਰ ਨੂੰ ਚੰਡੀਗੜ੍ਹ ਵਿੱਚ ਸੱਦੀ ਗਈ ਹੈ ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਪੁੱਜ ਰਹੇ ਹਨ। ਸੁਨੀਲ ਜਾਖੜ ਨੇ ਆਪਣਾ ਆਖ਼ਰੀ ਟਵੀਟ 17 ਸਤੰਬਰ ਨੂੰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਅਤੇ ਉਸ ਮਗਰੋਂ ਉਨ੍ਹਾਂ ਨੇ ਕੋਈ ਟਵੀਟ ਨਹੀਂ ਕੀਤਾ ਹੈ। ਹੁਣ ਅਸਤੀਫ਼ੇ ਦਾ ਰੌਲਾ ਰੱਪਾ ਪੈਣ ’ਤੇ ਵੀ ਜਾਖੜ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।ਵੇਰਵਿਆਂ ਅਨੁਸਾਰ ਸੁਨੀਲ ਜਾਖੜ ਨੇ ਕਰੀਬ ਦਸ ਕੁ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਜਾਖੜ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿਚ ਦੋ ਮੁੱਦੇ ਹੀ ਉਠਾਏ ਸਨ। ਪਹਿਲਾ ਇਹ ਕਿ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਦੂਜਾ ਇਹ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਅੱਗੇ ਵਧਿਆ ਜਾ ਸਕਦਾ ਹੈ, ਚਾਹੇ ਧੜਾ ਕੋਈ ਵੀ ਹੋਵੇ। ਸੂਤਰ ਦੱਸਦੇ ਹਨ ਕਿ ਸੁਨੀਲ ਜਾਖੜ ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ’ਤੇ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਹੁਣ ਉਹ ਭਾਜਪਾ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਵਿਚ ਵੀ ਸਰਗਰਮ ਨਹੀਂ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਵੀਟ ਕਰਕੇ ਜਾਖੜ ’ਤੇ ਤਨਜ਼ ਕਰਦਿਆਂ ਕਿਹਾ ਹੈ ਕਿ ਉਹ ਹੁਣ ਕਿੱਥੇ ਜਾਣਗੇ। ਪੰਜਾਬ ਕਾਂਗਰਸ ਅਤੇ ਭਾਜਪਾ ਦਰਮਿਆਨ ਤਾਂ ਸ਼ਬਦੀ ਜੰਗ ਛਿੜ ਗਈ ਹੈ।
ਜਾਖੜ ਦੇ ਅਸਤੀਫੇ ਦੀ ਗੱਲ ਬੇਬੁਨਿਆਦ: ਫਤਹਿਜੰਗ ਬਾਜਵਾ
ਭਾਜਪਾ ਆਗੂ ਫਤਹਿਜੰਗ ਸਿੰਘ ਬਾਜਵਾ ਆਖਦੇ ਹਨ ਕਿ ਅਸਤੀਫ਼ਾ ਦੇਣ ਦੀ ਗੱਲ ਨਿਰਾ ਸ਼ਗੂਫ਼ਾ ਹੈ ਅਤੇ ਜਾਖੜ ਨੂੰ ਦਿੱਲੀ ਜਾਣਾ ਪੈ ਗਿਆ ਹੈ। ਬਾਜਵਾ ਨੇ ਕਿਹਾ ਕਿ ਉਹ ਤਾਂ ਖ਼ੁਦ ਕੁਝ ਦਿਨ ਪਹਿਲਾਂ ਜਾਖੜ ਨੂੰ ਮਿਲੇ ਸਨ ਪ੍ਰੰਤੂ ਅਜਿਹੀ ਕੋਈ ਗੱਲ ਨਹੀਂ ਹੈ। ਭਾਜਪਾ ਆਗੂ ਅਸਤੀਫ਼ੇ ਦਿੱਤੇ ਜਾਣ ਨੂੰ ਅਫ਼ਵਾਹਾਂ ਦੱਸ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਆਖਿਆ ਹੈ ਕਿ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ ਪ੍ਰੰਤੂ ਜਿਹੜਾ ਵਿਅਕਤੀ ਪੰਜਾਬ ਪੱਖੀ ਹੈ, ਉਹ ਭਾਜਪਾ ਵਿਚ ਬਹੁਤੀ ਦੇਰ ਟਿਕ ਨਹੀਂ ਸਕਦਾ।