ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਸਤੰਬਰ
ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਵਿਚ ਗੁਰਮਤਿ ਵਿਦਿਆਲੇ ਵਿੱਚ ਕੰਮਕਾਜ ਦੀ ਰੰਜਿਸ਼ ਕਾਰਨ ਨਿਹੰਗ ਬਾਣੇ ’ਚ ਆਏ ਨੌਜਵਾਨ ਨੇ ਨਾਬਾਲਗ ਸਾਥੀ ਨਾਲ ਰਲ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਜ਼ਿਕਰਯੋਗ ਹੈ ਕਿ ਗੁਰਮਤਿ ਵਿਦਿਆਲੇ ਦਾ ਕਥਿਤ ਪ੍ਰਬੰਧਕ ਨਿਹੰਗ ਸੁਖਪਾਲ ਸਿੰਘ ਉਰਫ਼ ਸੁੱਖਾ ਪਹਿਲਾਂ ਹੀ ਹੱਤਿਆ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਹੈ। ਇੱਥੇ ਐੱਸਐੱਸਪੀ ਅਜੈ ਗਾਂਧੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕਰਨੈਲ ਸਿੰਘ ਉਰਫ਼ ਕੈਲਾ ਪਿੰਡ ਪੱਤੋ ਹੀਰਾ ਸਿੰਘ ’ਤੇ 23 ਸਤੰਬਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਮੁਲਜ਼ਮ ਇੰਦਰਜੀਤ ਸਿੰਘ ਉਰਫ਼ ਸਨੀ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਦੂਜੇ ਮੁਲਜ਼ਮ ਨਾਬਾਲਗ ਨੂੰ ਅਦਾਲਤ ਵਿਚ ਪੇਸ਼ ਕਰਕੇ ਫ਼ਰੀਦਕੋਟ ਬਾਲ ਸੁਧਾਰ ਘਰ ਵਿਚ ਭੇਜ ਦਿੱਤਾ ਗਿਆ ਹੈ। ਮੁੱਢਲੀ ਤਫ਼ਤੀਸ਼ ਵਿਚ ਪਤਾ ਲੱਗਿਆ ਕਿ ਗੁਰਦੁਆਰੇ ਦੀ ਜ਼ਮੀਨ, ਪ੍ਰਬੰਧ ਤੇ ਪੈਸਿਆਂ ਦੇ ਹਿਸਾਬ ਕਿਤਾਬ ਨੂੰ ਲੈ ਕੇ ਪਹਿਲਾਂ ਤੋਂ ਹੀ ਕੇਸ ਚੱਲ ਰਿਹਾ ਸੀ। ਇੰਦਰਜੀਤ ਖ਼ਿਲਾਫ਼ ਪਹਿਲਾਂ ਹੀ ਲੜਾਈ ਝਗੜੇ ਦੇ ਕੇਸ ਦਰਜ ਹਨ ਜਦਕਿ 10ਵੀਂ ਜਮਾਤ ਵਿਚ ਪੜ੍ਹਦੇ ਨਾਬਾਲਗ ਖ਼ਿਲਾਫ਼ ਵੀ ਲੜਾਈ ਝਗੜੇ ਦਾ ਇੱਕ ਮਾਮਲਾ ਦਰਜ ਹੈ। ਪਿੰਡ ਪੱਤੋ ਹੀਰਾ ਸਿੰਘ ਦੇ ਗੁਰਮਤਿ ਵਿਦਿਆਲੇ ਵਿੱਚ30 ਦਸੰਬਰ 2023 ਨੂੰ ਨੌਜਵਾਨ ਨਵਦੀਪ ਸਿੰਘ ਦੀ ਮੌਤ ਹੋ ਗਈ ਸੀ ਅਤੇ ਵਿਦਿਆਲੇ ਦੇ ਕਥਿਤ ਪ੍ਰਬੰਧਕ ਨਿਹੰਗ ਸੁੱਖਪਾਲ ਸਿੰਘ ਸੁੱਖਾ ਉੱਤੇ ਹੱਤਿਆ ਦਾ ਦੋਸ਼ ਲੱਗਣ ਉੱਤੇ ਉਹ ਜੇਲ੍ਹ ’ਚ ਬੰਦ ਹੈ। ਉਕਤ ਮੁਲਜ਼ਮ ਵਿਦਿਆਲੇ ਵਿੱਚ ਰਹਿ ਰਹੇ ਸਨ।