ਮੁੰਬਈ: ਵਿਕਰਾਂਤ ਮੈੱਸੀ ਦੀ ਫਿਲਮ ‘12ਵੀਂ ਫੇਲ੍ਹ’ ਦੇ ਨਿਰਮਾਤਾਵਾਂ ਨੇ ਹਾਲ ਹੀ ’ਚ ਇਸ ਫਿਲਮ ਦੀ ਸਕਰੀਨਿੰਗ ਦੇਸ਼ ਦੀ ਸਰਵਉੱਚ ਅਦਾਲਤ ਵਿਚ ਕੀਤੀ। ਇਸ ਮੌਕੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਤੇ ਹੋਰ ਜੱਜਾਂ ਸਣੇ 600 ਤੋਂ ਵੱਧ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਿਲਮ ਨੂੰ ਦੇਖਣ ਦਾ ਮੌਕਾ ਮਿਲਿਆ। ਇਸ ਫਿਲਮ ਦੇ ਨਿਰਦੇਸ਼ਕ ਤੇ ਲੇਖਕ ਵਿਧੂ ਵਿਨੋਦ ਚੋਪੜਾ ਹਨ ਤੇ ਇਹ ਫਿਲਮ 2019 ’ਚ ਮਨੋਜ ਕੁਮਾਰ ਸ਼ਰਮਾ ਬਾਰੇ ਅਨੁਰਾਗ ਪਾਠਕ ਵੱਲੋਂ ਲਿਖੀ ਪੁਸਤਕ ’ਤੇ ਆਧਾਰਿਤ ਹੈ ਜੋ ਗਰੀਬੀ ਨੂੰ ਦਰਕਿਨਾਰ ਕਰਦਿਆਂ ਤੇ ਔਖੇ ਹਾਲਾਤ ਨੂੰ ਉਲੰਘ ਕੇ ਭਾਰਤੀ ਪੁਲੀਸ ਸੇਵਾ ਅਧਿਕਾਰੀ (ਆਈਪੀਐੱਸ) ਬਣਿਆ। ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ, ‘ਅਸੀਂ ਉਨ੍ਹਾਂ ਸਾਰਿਆਂ ਤੋਂ ਪ੍ਰੇਰਨਾ ਲੈਂਦੇ ਹਾਂ ਜਿਨ੍ਹਾਂ ਕਈ ਔਕੜਾਂ ਨੂੰ ਪਾਰ ਕਰਦਿਆਂ ਮਿਸਾਲੀ ਕੰਮ ਕੀਤਾ ਹੁੰਦਾ ਹੈ ਤੇ ਅਜਿਹੀਆਂ ਕਹਾਣੀਆਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪੁੱਜਣੀਆਂ ਚਾਹੀਦੀਆਂ ਹਨ। -ਆਈਏਐੱਨਐੱਸ