ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਦੂਜੇ ਦਿਨ ਦਿੱਲੀ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਗੱਲ ਕੀਤੀ ਅਤੇ ਸ਼ਹਿਰ ਵਿੱਚ ਭਾਜਪਾ ਵੱਲੋਂ ਮੁੱਖ ਪ੍ਰਾਜੈਕਟਾਂ ਨੂੰ ਰੋਕਣ ਲਈ ਅੜਿੱਕੇ ਪਾਉਣ ਬਾਰੇ ਸੰਕੇਤ ਦਿੱਤਾ। ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਆਤਿਸ਼ੀ, ਤਿਮਾਰਪੁਰ ਦੇ ਵਿਧਾਇਕ ਦਲੀਪ ਪਾਂਡੇ ਅਤੇ ਮਾਡਲ ਟਾਊਨ ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ਦੇ ਨਾਲ ਨੁਕਸਾਨੀ ਗਈ ਰੋਸ਼ਨਾਰਾ ਰੋਡ ਦਾ ਮੁਆਇਨਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਤੇਜ਼ੀ ਨਾਲ ਲੋਕ ਨਿਰਮਾਣ ਵਿਭਾਗ ਅਧੀਨ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।
ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਰੋਸ਼ਨਾਰਾ ਰੋਡ ਐਕਸਟੈਂਸ਼ਨ ਦਾ ਜਾਇਜ਼ਾ ਲਿਆ। ਇਸ ਸੜਕ ਵਿੱਚ ਦਿੱਲੀ ਜਲ ਬੋਰਡ ਵੱਲੋਂ ਚੰਦਰਵਾਲ ਲਈ ਪਾਈਪ ਲਾਈਨ ਵਿਛਾਈ ਹੋਈ ਹੈ। ਲੋਕਾਂ ਨੇ ਦੱਸਿਆ ਕਿ ਇਹ ਸੜਕ ਪਾਈਪ ਲਾਈਨ ਪੈਣ ਕਾਰਨ 7-8 ਮਹੀਨਿਆਂ ਤੋਂ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸੜਕਾਂ ’ਤੇ ਉਤਾਰ ਕੇ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਜਿਹੜੀਆਂ ਸੜਕਾਂ ਟੁੱਟੀਆਂ ਹਨ, ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਸਾਰੀਆਂ ਸੜਕਾਂ ਦੀ ਜੰਗੀ ਪੱਧਰ ’ਤੇ ਮੁਰੰਮਤ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਜੇਲ੍ਹ ਗਿਆ ਸੀ, ਇਸ ਲਈ ਉਨ੍ਹਾਂ ਨੇ ਬਹੁਤ ਸਾਰਾ ਕੰਮ ਬੰਦ ਕਰਵਾ ਦਿੱਤਾ ਸੀ ਪਰ ਉਹ ਜਨਤਾ ਨੂੰ ਭਰੋਸਾ ਦਿਵਾਉਂਦਾ ਹੈ ਕਿ ਹੁਣ ਉਹ ਵਾਪਸ ਆ ਗਿਆ ਹੈ। ਉਹ ਸਾਰੇ ਕੰਮ ਜੋ ਦਿੱਲੀ ਵਿੱਚ ਰੁਕੇ ਹੋਏ ਸਨ ਉਹ ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਵਾਏਗਾ। ਇਸ ਦੌਰਾਨ ਸਬੰਧਤ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਨੂੰ ਹੋਰ ਸਮੱਸਿਆਵਾਂ ਵੀ ਦੱਸੀਆਂ।