ਜਗਤਾਰ ਸਮਾਲਸਰ
ਏਲਨਾਬਾਦ, 27 ਸਤੰਬਰ
ਏਲਨਾਬਾਦ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਜਮਾਲ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ, ਉੱਥੇ ਪਿੰਡ ਦੇ ਲੋਕ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਕਰੀਬ 15 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਵਾਟਰ ਵਰਕਸ ਵਿੱਚ ਬਣੀਆਂ ਪਾਣੀ ਵਾਲੀਆਂ ਚਾਰ ਡਿੱਗੀਆਂ ਖਾਲੀ ਹਨ। ਲੋਕ ਪਿਛਲੇ 15 ਦਿਨ ਤੋਂ 500 ਤੋਂ 700 ਰੁਪਏ ਤੱਕ ਪ੍ਰਤੀ ਟੈਂਕਰ ਪਾਣੀ ਖਰੀਦ ਕੇ ਪੀਣ ਲਈ ਮਜਬੂਰ ਹਨ।
ਪਿੰਡ ਵਾਸੀਆਂ ਕ੍ਰਿਸ਼ਨ ਕੁਮਾਰ, ਸਤੀਸ਼ ਕੁਮਾਰ, ਸਤਪਾਲ ਸਿੰਘ, ਕ੍ਰਿਸ਼ਨਾ ਬੈਨੀਵਾਲ, ਮਨੀ ਪ੍ਰਕਾਸ਼, ਮੋਹਨ ਲਾਲ, ਕ੍ਰਿਸ਼ਨ ਪਾਲ, ਸੰਦੀਪ ਪੂਨੀਆ ਨੇ ਦੱਸਿਆ ਕਿ ਜਦੋਂ ਵੋਟਾਂ ਮੰਗਣ ਲਈ ਪਿੰਡ ਵਿੱਚ ਆ ਰਹੇ ਨੇਤਾਵਾਂ ਨੂੰ ਇਸ ਸਮੱਸਿਆ ਬਾਰੇ ਦੱਸਿਆ ਜਾਂਦਾ ਹੈ ਤਾਂ ਉਹ ਚੋਣਾਂ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਕਰਨ ਦੀ ਗੱਲ ਕਰ ਕੇ ਤੁਰ ਜਾਂਦੇ ਹਨ ਪਰ ਪਿੰਡ ਵਾਸੀ ਮੁਸੀਬਤ ਵਿੱਚ ਫਸੇ ਹੋਏ ਹਨ। ਲੋਕਾਂ ਨੇ ਦੱਸਿਆ ਕਿ ਡਿੱਗੀਆਂ ਵਿੱਚ ਪਾਣੀ ਨਾ ਹੋਣ ਕਾਰਨ ਘਰਾਂ ਦੀ ਪਾਣੀ ਸਪਲਾਈ ਕਰੀਬ ਇੱਕ ਹਫ਼ਤੇ ਤੋਂ ਬੰਦ ਹੈ।
ਲੋਕ ਟੈਂਕਰਾਂ ਨਾਲ ਘਰਾਂ ਵਿੱਚ ਬਣੀਆਂ ਡਿੱਗੀਆਂ ਵਿੱਚ ਪਾਣੀ ਪੁਆ ਰਹੇ ਹਨ ਜੋ ਸਿੱਧਾ ਹੋਰ ਨਹਿਰਾਂ ਤੋਂ ਭਰ ਕੇ ਆ ਰਿਹਾ ਹੈ। ਇਹ ਪਾਣੀ ਦੂਸ਼ਿਤ ਹੋਣ ਕਾਰਨ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ।
ਨਹਿਰ ਬੰਦ ਹੋਣ ਕਾਰਨ ਆਈ ਸਮੱਸਿਆ: ਜੇਈ
ਜਨ ਸਿਹਤ ਵਿਭਾਗ ਦੇ ਜੇਈ ਅਸ਼ਵਨੀ ਕੁਮਾਰ ਨੇ ਆਖਿਆ ਕਿ ਪਿੰਡ ਦੇ ਜਲ ਘਰ ਵਿੱਚ ਜਿਸ ਨਹਿਰ ਰਾਹੀ ਪਾਣੀ ਆਉਂਦਾ ਹੈ ਉਹ ਕੁਝ ਦਿਨ ਪਹਿਲਾਂ ਟੁੱਟ ਗਈ ਸੀ। ਉਸ ਤੋਂ ਬਾਅਦ ਨਹਿਰ ਦੀ ਬੰਦੀ ਦਾ ਸਮਾਂ ਆ ਗਿਆ। ਹੁਣ ਨਹਿਰ ਵਿੱਚ ਪਾਣੀ ਆਉਣ ਤੋਂ ਬਾਅਦ ਹੀ ਡਿੱਗੀਆਂ ਭਰਕੇ ਘਰਾਂ ਵਿੱਚ ਪਾਣੀ ਸਪਲਾਈ ਸ਼ੁਰੂ ਕੀਤੀ ਜਾਵੇਗੀ।