ਕਮਲਜੀਤ ਕੌਰ ਗੁੰਮਟੀ
ਵਿਸ਼ਵਾਸ ਮਨੁੱਖੀ ਮਨ ਦੀ ਪਵਿੱਤਰ ਭਾਵਨਾ ਹੈ। ਪੂਰੇ ਸੰਸਾਰ ਦਾ ਆਧਾਰ ਵਿਸ਼ਵਾਸ ’ਤੇ ਹੀ ਟਿਕਿਆ ਹੋਇਆ ਹੈ। ਦੁਨੀਆ ਵਿੱਚ ਸੱਚਾਈ ਵਿਸ਼ਵਾਸ ਦੇ ਸਹਾਰੇ ਹੀ ਖੜ੍ਹੀ ਹੈ। ਪਰਿਵਾਰ ਦਾ ਪਿਆਰ, ਸਮਾਜ ਦਾ ਉਥਾਨ, ਦੇਸ਼ ਦੀ ਉੱਨਤੀ ਅਤੇ ਸੰਸਾਰ ਦਾ ਕਲਿਆਣ ਸਭ ਕੁਝ ਵਿਸ਼ਵਾਸ ’ਤੇ ਹੀ ਨਿਰਭਰ ਕਰਦਾ ਹੈ। ਵਿਸ਼ਵਾਸ ਤੋਂ ਬਿਨਾਂ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨ। ਸਾਰੇ ਸੰਸਾਰਕ ਰਿਸ਼ਤੇ ਵਿਸ਼ਵਾਸ ਦੀ ਨੀਂਹ ’ਤੇ ਹੀ ਟਿਕੇ ਹੋਏ ਹਨ।
ਇਨਸਾਨੀ ਜ਼ਿੰਦਗੀ ਵਿੱਚ ਜੇਕਰ ਵਿਸ਼ਵਾਸ ਕਾਇਮ ਹੈ ਤਾਂ ਹਰ ਵਿਅਕਤੀ ਆਪਣੇ ਭਵਿੱਖ ਦਾ ਫ਼ੈਸਲਾ ਕਰ ਸਕਦਾ ਹੈ। ਉਸ ਨੇ ਕੀ ਕਰਨਾ ਹੈ, ਕੀ ਬਣਨਾ ਹੈ, ਇਹ ਵਿਸ਼ਵਾਸ ਇਨਸਾਨ ਦੀ ਸੋਚ ਵਿੱਚੋਂ ਹੀ ਪੈਦਾ ਹੁੰਦਾ ਹੈ। ਮਨੁੱਖੀ ਸੋਚ ਦਾ ਹਰ ਸਮੇਂ ਸਾਥ ਦਿੰਦਾ ਹੈ। ਇਸ ਦਾ ਵਿਕਾਸ, ਸੋਚ ਦਾ ਵਿਕਾਸ ਹੈ। ਵਿਸ਼ਵਾਸ ਬਿਨਾਂ ਮਨੁੱਖ ਦਾ ਆਪਣੀ ਮੰਜ਼ਿਲ ’ਤੇ ਪਹੁੰਚਣਾ ਅਸੰਭਵ ਹੁੰਦਾ ਹੈ। ਇਸ ਨਾਲ ਅਸੰਭਵ ਕਾਰਜ ਵੀ ਸੰਭਵ ਹੋ ਜਾਂਦੇ ਹਨ। ਵਿਸ਼ਵਾਸ ਮਨੁੱਖ ਨੂੰ ਸੇਧ ਦਿਖਾਉਂਦਾ ਹੈ। ਮਨੁੱਖ ਨੇ ਵਿਸ਼ਵਾਸ ਕਰਕੇ ਹੀ ਵੱਡੀਆਂ ਵੱਡੀਆਂ ਮੰਜ਼ਿਲਾਂ ਪ੍ਰਾਪਤ ਕਰ ਲਈਆਂ ਹਨ। ਦੂਜੇ ਗ੍ਰਹਿਆਂ ’ਤੇ ਜਾ ਕੇ ਮਨੁੱਖ ਨੇ ਖੋਜ ਕਾਰਜ ਇਸੇ ਉਮੀਦ ਨਾਲ ਜਾਰੀ ਰੱਖਿਆ ਕਿ ਇੱਕ ਦਿਨ ਕਾਮਯਾਬੀ ਪ੍ਰਾਪਤ ਕਰਕੇ ਵਾਪਸ ਮੁੜਾਂਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ। ਕੁਰਬਾਨ ਹੋਣ ਵਾਲੇ ਭਾਵੇ ਸਰੀਰਕ ਤੌਰ ’ਤੇ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਹਨ, ਪਰ ਮਨੁੱਖੀ ਮਨਾਂ ਵਿੱਚੋਂ ਟੀਚੇ ਹਾਸਲ ਕਰਨ ਲਈ ਵਿਸ਼ਵਾਸ ਦੀ ਲੋਅ ਜਗਦੀ ਛੱਡ ਗਏ। ਵਿਸ਼ਵਾਸ ਨਾਲ ਹੀ ਮਨੁੱਖ ਨੇ ਪਹਾੜਾਂ ਦੀਆਂ ਟੀਸੀਆਂ ਸਰ ਕਰ ਲਈਆਂ, ਸਮੁੰਦਰਾਂ ਵਿੱਚੋਂ ਖ਼ਜ਼ਾਨੇ ਲੱਭ ਲਏ ਅਤੇ ਜਹਾਜ਼ਾਂ ਵਿੱਚ ਉਡਾਰੀਆਂ ਭਰ ਲਈਆਂ। ਵਿਸ਼ਵਾਸ ਨਾਲ ਹੀ ਮਨੁੱਖ ਨੇ ਅਗਿਆਨੀ ਦੁਨੀਆ ਦਾ ਟਾਕਰਾ ਕੀਤਾ ਤੇ ਅਣਹੋਣੀ ਨੂੰ ਹੋਣੀ ਵਿੱਚ ਬਦਲ ਦਿੱਤਾ। ਸਾਰੇ ਰਿਸ਼ਤੇ ਨਾਤੇ ਵਿਸ਼ਵਾਸ ਨਾਲ ਹੀ ਨੇਪਰੇ ਚੜ੍ਹਦੇ ਹਨ। ਬੱਚਿਆਂ ਦਾ ਮਾਪਿਆਂ ’ਤੇ ਅਸੀਮ ਵਿਸ਼ਵਾਸ ਹੁੰਦਾ ਹੈ ਤੇ ਮਾਪੇ ਆਪਣੇ ਧੀਆਂ ਪੁੱਤਰਾਂ ’ਤੇ ਵਿਸ਼ਵਾਸ ਕਰਕੇ ਪ੍ਰਾਪਤੀਆਂ ਲਈ ਮੌਕੇ ਅਤੇ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਹਨ, ਜਦ ਬੱਚੇ ਮਾਪਿਆਂ ਦਾ ਵਿਸ਼ਵਾਸ ਤੋੜ ਕੇ ਗ਼ਲਤ ਰਾਹਾਂ ਵੱਲ ਮੁੜ ਜਾਂਦੇ ਹਨ ਤਾਂ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ।
ਪਤੀ-ਪਤਨੀ ਦਾ ਗ੍ਰਹਿਸਤ ਜੀਵਨ ਵਿਸ਼ਵਾਸ ਨਾਲ ਹੀ ਸਵਰਗ ਬਣਦਾ ਹੈ। ਜੇਕਰ ਵਿਸ਼ਵਾਸ ਦੀ ਹਲਕੀ ਜਿਹੀ ਲੋਅ ਵੀ ਮੱਧਮ ਪੈ ਜਾਵੇ ਤਾਂ ਹੱਸਦੇ ਖੇਡਦੇ ਪਰਿਵਾਰ ਨਰਕ ਦਾ ਰੂਪ ਧਾਰਨ ਕਰ ਜਾਂਦੇ ਹਨ। ਵਿਸ਼ਵਾਸ ਦੇ ਆਧਾਰ ’ਤੇ ਅਸੀਂ ਰਿਸ਼ਤਿਆਂ ਦੀਆਂ ਗਰਜਾਂ ਪੂਰੀਆਂ ਕਰਦੇ ਹਾਂ। ਇੱਕ ਬੱਚਾ ਜਦ ਸਕੂਲ ਵਿੱਚ ਅਧਿਆਪਕ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ’ਤੇ ਹੀ ਖਰਾ ਉਤਰਦਾ ਹੈ। ਹਰ ਕਿੱਤੇ ਵਿੱਚ ਵਿਸ਼ਵਾਸ ਜੁੜਿਆ ਹੈ। ਦ੍ਰਿੜ ਵਿਸ਼ਵਾਸੀ ਲੋਕ ਵਿਸ਼ਵਾਸ ਦੇ ਸਹਾਰੇ ਹੀ ਤਰੱਕੀ ਦੀਆਂ ਪੌੜੀਆਂ ਸਹਿਜੇ ਸਹਿਜੇ ਚੜ੍ਹ ਕੇ ਸਿਖਰ ’ਤੇ ਪਹੁੰਚ ਜਾਂਦੇ ਹਨ। ਪੂਰੇ ਸੰਸਾਰ ਦੀ ਸੁੱਖ ਸ਼ਾਂਤੀ ਵਿਸ਼ਵਾਸ ’ਤੇ ਹੀ ਟਿਕੀ ਹੋਈ ਹੈ। ਵਿਸ਼ਵਾਸ ਦੀ ਨੀਂਹ ’ਤੇ ਟਿਕੇ ਰਿਸ਼ਤਿਆਂ ਦੀ ਉਮਰ ਲੰਮੇਰੀ ਹੁੰਦੀ ਹੈ।
ਰੱਬ ਜਾਂ ਕੁਦਰਤ ਪਿਆਰ ਦੀ ਇਲਾਹੀ ਦਾਤ ਹੈ। ਕੁਦਰਤ ਨਾਲ ਇਕਮਿਕ ਹੋਣ ਲਈ ਇਸ ’ਤੇ ਵਿਸ਼ਵਾਸ ਜ਼ਰੂਰੀ ਹੈ। ਕੁਦਰਤ ਨੇ ਮਨੁੱਖ ’ਤੇ ਵਿਸ਼ਵਾਸ ਕਰਕੇ ਉਸ ਨੂੰ ਸਾਹ ਲੈਣ ਲਈ ਆਕਸੀਜਨ ਦਾ ਤੋਹਫ਼ਾ ਦਿੱਤਾ। ਮਨੁੱਖ ਦਾ ਵੀ ਫਰਜ਼ ਹੈ ਕਿ ਉਹ ਕੁਦਰਤ ਦੇ ਵਿਸ਼ਵਾਸ ’ਤੇ ਕਾਇਮ ਰਹਿੰਦਿਆਂ ਆਕਸੀਜਨ ਰੂਪੀ ਤੋਹਫ਼ੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖੇ। ਰੱਬ ਨਾਲ ਇਕਮਿਕ ਹੋਣ ਲਈ ਵਿਸ਼ਵਾਸ ਨਾਲ ਸ਼ਰਧਾ ਜੁੜ ਜਾਂਦੀ ਹੈ। ਸਾਰੀਆਂ ਸ਼ੰਕਾਵਾਂ ਅਤੇ ਸੰਸਿਆਂ ਦੁਆਰਾ ਮਨੁੱਖ ਅਸਥਿਰ ਹੋ ਜਾਂਦਾ ਹੈ, ਜਦਕਿ ਸ਼ਰਧਾ ਅਤੇ ਵਿਸ਼ਵਾਸ ਨਾਲ ਅਤੁੱਲ ਸਮਰੱਥਾ ਅਤੇ ਸਥਿਰਤਾ ਪ੍ਰਾਪਤ ਹੁੰਦੀ ਹੈ। ਜੀਵਨ ਵਿੱਚ ਉੱਚ ਪਦਵੀਆਂ ਤਰੱਕੀ ਅਤੇ ਚੰਗੇ ਕਰਮ ਸਭ ਸ਼ਰਧਾ ਅਤੇ ਵਿਸ਼ਵਾਸ ਕਰਕੇ ਪ੍ਰਾਪਤ ਹੁੰਦੇ ਹਨ। ਕੁਦਰਤ ਦਾ ਰੱਬੀ ਰੂਪ ਮਨੁੱਖ ਨੂੰ ਅਧਿਆਤਮਕ ਗਿਆਨ ਦਿੰਦਾ ਹੈ। ਇਨਸਾਨ ਮਨ ਦੀ ਸਥਿਰਤਾ ਲਈ ਰੱਬੀ ਰੂਪ ਤਾਕਤ ਦਾ ਓਟ ਆਸਰਾ ਲੈਂਦਾ ਹੈ ਤੇ ਉਸ ਦਾ ਜੀਵਨ ਆਨੰਦਮਈ ਬਣ ਜਾਂਦਾ ਹੈ। ਵਿਸ਼ਵਾਸ ਤੋਂ ਬਿਨਾਂ ਭਗਤੀ ਸੰਭਵ ਨਹੀਂ ਤੇ ਨਾ ਹੀ ਦੁਨੀਆਦਾਰੀ।
ਵਿਸ਼ਵਾਸ ਬਿਨਾਂ ਜ਼ਿੰਦਗੀ ਦੇ ਪੈਂਡੇ ਤੈਅ ਕਰਨੇ ਮੁਸ਼ਕਿਲ ਹੋ ਜਾਂਦੇ ਹਨ। ਜੇਕਰ ਅਸੀਂ ਗਹੁ ਨਾਲ ਦੇਖੀਏ ਤਾਂ ਸੰਸਾਰ ਵਿੱਚ ਰਹਿੰਦੇ ਬਹੁਤੇ ਮਨੁੱਖ ਪਰਮਾਤਮਾ ਨਾਲ ਇਸ ਕਰਕੇ ਜੁੜਦੇ ਹਨ ਤਾਂ ਕਿ ਉਨ੍ਹਾਂ ਨੂੰ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਹੋ ਸਕੇ। ਉਨ੍ਹਾਂ ਉੱਤੇ ਕੋਈ ਦੁਖਦਾਈ ਘੜੀ ਨਾ ਆਵੇ। ਉਹ ਆਪਣੀਆਂ ਮੰਗਾਂ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ। ਇਹ ਅਰਦਾਸ ਵਿਸ਼ਵਾਸ ਦਾ ਹੀ ਰੂਪ ਹੈ। ਜੇਕਰ ਜ਼ਿੰਦਗੀ ਵਿੱਚ ਕੋਈ ਅਣਹੋਣੀ ਵਾਪਰ ਜਾਵੇ ਤਾਂ ਮਨੁੱਖ ਦਾ ਵਿਸ਼ਵਾਸ ਡੋਲਣ ਲੱਗਦਾ ਹੈ, ਉਹ ਅੰਧਵਿਸ਼ਵਾਸ ਦੇ ਰਾਹ ’ਤੇ ਤੁਰ ਪੈਂਦਾ ਹੈ। ਸੰਸਾਰ ਵਿੱਚ ਵਿਰਲੇ ਟਾਵੇਂ ਲੋਕ ਇਹੋ ਜਿਹੇ ਹਨ। ਜਿਨ੍ਹਾਂ ਨੂੰ ਰੱਬੀ ਰੂਪ ’ਤੇ ਪੂਰਨ ਵਿਸ਼ਵਾਸ ਬਣ ਜਾਂਦਾ ਹੈ ਤੇ ਉਹ ਹਰ ਹਾਲ ਵਿੱਚ ਜੀਵਨ ਵਿੱਚ ਅਡੋਲ ਰਹਿੰਦੇ ਹਨ ਤੇ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਕਦੇ ਵੀ ਡੋਲਦਾ ਨਹੀਂ। ਦ੍ਰਿੜ ਵਿਸ਼ਵਾਸੀ ਲੋਕ ਦਿਲ ਦੀ ਗਹਿਰਾਈ ਤੋਂ ਦਿਮਾਗ਼ ਦੀ ਚੰਗੀ ਸੋਚ ਨਾਲ ਵਿਸ਼ਵਾਸ ਦੀ ਦ੍ਰਿੜਤਾ ਦੀਆਂ ਉਚਾਈਆਂ ਨੂੰ ਛੂਹ ਲੈਂਦੇ ਹਨ। ਆਪਣੀ ਸਵੈ ਪੜਚੋਲ ਨਾਲ ਹੀ ਮਨੁੱਖ ਆਪਣੇ ਆਪ ’ਤੇ ਭਰੋਸਾ ਕਰ ਸਕਦਾ ਹੈ।
ਧੀਆਂ ਦੇ ਮਾਪੇ ਵਿਸ਼ਵਾਸ ਸਹਾਰੇ ਹੀ ਸਮਾਜ ਵਿੱਚ ਧੀਆਂ ਨੂੰ ਤਰੱਕੀਆਂ ਹਾਸਲ ਕਰਨ ਲਈ ਭੇਜਦੇ ਹਨ, ਪਰ ਸਮਾਜ ਵਿੱਚ ਜਦ ਉਨ੍ਹਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਮਾਪਿਆਂ ਦਾ ਵਿਸ਼ਵਾਸ ਪੂਰੀ ਦੁਨੀਆ ਤੋਂ ਟੁੱਟ ਜਾਂਦਾ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਇਹ ਤੈਅ ਹੁੰਦਾ ਹੈ ਕਿ ਧਰਮ ਨੇ ਵਿਪਰੀਤ ਸਥਿਤੀ ਹੁੰਦਿਆਂ ਹੋਇਆਂ ਵੀ ਵਿਸ਼ਵਾਸ ਦਾ ਪੱਲਾ ਨਹੀਂ ਛੱਡਿਆ। ਚੰਗੇ ਟੀਚਿਆਂ ਲਈ ਮਨੁੱਖ ਦਾ ਦ੍ਰਿੜ ਵਿਸ਼ਵਾਸ ਹੋਣਾ ਲਾਜ਼ਮੀ ਹੈ। ਜਦ ਇਹ ਵਿਸ਼ਵਾਸ ਅੰਧਵਿਸ਼ਵਾਸ ਬਣ ਜਾਂਦਾ ਹੈ ਤਾਂ ਮਨੁੱਖੀ ਮਾਨਸਿਕਤਾ ਬਿਮਾਰਾਂ ਵਰਗੀ ਹੋ ਜਾਂਦੀ ਹੈ। ਅੰਧਵਿਸ਼ਵਾਸੀ ਮਨੁੱਖ ਬਿਨਾਂ ਦੇਖੇ ਪਰਖੇ ਵਿਸ਼ਵਾਸ ਕਰਦਾ ਹੈ। ਉਸ ਦੇ ਮਨ ਵਿੱਚ ਦੂਸ਼ਿਤ ਭਾਵਨਾਵਾਂ ਪੈਦਾ ਹੁੰਦੀਆਂ ਹਨ। ਅੰਧਵਿਸ਼ਵਾਸ ਦੀ ਰਾਹ ’ਤੇ ਚੱਲਦਿਆਂ ਉਹ ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿੱਚ ਫ਼ਰਕ ਹੀ ਨਹੀਂ ਕਰ ਪਾਉਂਦੇ। ਦੁਨੀਆ ਦਾ ਹਰ ਰਿਸ਼ਤਾ ਹਰ ਕੰਮ ਵਿਸ਼ਵਾਸ ਮੰਗਦਾ ਹੈ। ਇਹ ਧਿਆਨ ਰੱਖਣ ਯੋਗ ਹੈ ਕਿ ਵਿਸ਼ਵਾਸ ਸੱਚਾਈ ’ਤੇ ਟਿਕਿਆ ਹੋਵੇ ਤਾਂ ਹੀ ਉਸ ਨੂੰ ਪਦਵੀ ਹਾਸਲ ਹੁੰਦੀ ਹੈ। ਸੱਚਾਈ ਦੀ ਧਰਾਤਲ ’ਤੇ ਟਿਕਿਆ ਵਿਸ਼ਵਾਸ ਹੀ ਸਾਰੀ ਜ਼ਿੰਦਗੀ ਕਾਇਮ ਰਹਿੰਦਾ ਹੈ। ਝੂਠ, ਲਾਲਚ, ਫਰੇਬ ਅਤੇ ਸੁਆਰਥ ਅੰਦਰ ਛੁਪਿਆ ਵਿਸ਼ਵਾਸ ਟੁੱਟਦਿਆਂ ਦੇਰ ਨਹੀਂ ਲੱਗਦੀ।
ਵਿਸ਼ਵਾਸ ਕਰਨ ਵਾਲੇ ਇਨਸਾਨ ਨਾਲ ਜਦ ਵਿਸ਼ਵਾਸਘਾਤ ਹੁੰਦਾ ਹੈ ਤਾਂ ਉਸ ਨੂੰ ਸਦਮੇ ਵਿੱਚੋਂ ਉੱਭਰਨ ਲਈ ਬਹੁਤ ਸਮਾਂ ਲੱਗ ਜਾਂਦਾ ਹੈ। ਕਿਸੇ ਵਿਸ਼ਵਾਸ ਪਾਤਰ ਦਾ ਵਿਸ਼ਵਾਸਘਾਤੀ ਬਣ ਜਾਣਾ ਵਧੇਰੇ ਦੁਖਦਾਇਕ ਹੁੰਦਾ ਹੈ। ਪਰਮਾਤਮਾ ਕਰੇ, ਮਨੁੱਖੀ ਮਨਾਂ ਵਿੱਚ ਵਿਸ਼ਵਾਸ ਦੀ ਲੋਅ ਹਮੇਸ਼ਾ ਜਗਦੀ ਰਹੇ। ਇਸ ਜਗਦੀ ਲੋਅ ਦੀ ਰੌਸ਼ਨੀ ਹੇਠ ਮਨੁੱਖੀ ਮਨਾਂ ਵਿੱਚੋਂ ਵਿਸ਼ਵਾਸਘਾਤ ਹਮੇਸ਼ਾ ਲਈ ਖ਼ਤਮ ਹੋ ਜਾਵੇ ਤੇ ਪੂਰੀ ਦੁਨੀਆ ’ਤੇ ਸੁੱਖ ਸ਼ਾਂਤੀ ਦਾ ਸਬੱਬ ਬਣੇ।
ਸੰਪਰਕ: 98769-26873