ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਵਾਲੰਟੀਅਰਾਂ ਨੇ ਨਹਿਰ ਦੇ ਨਾਲ 90 ਨਿੰਮ ਦੇ ਬੂਟੇ ਲਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ। ਕੌਮੀ ਸੇਵਾ ਯੋਜਨਾ ਦਿਵਸ ਮਨਾਉਣ ਹਿਤ ਇਹ ਬੂਟੇ ‘ਸਵੱਛਤਾ ਹੀ ਸੇਵਾ’ ਅਤੇ ‘ਇੱਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਲਾਏ ਗਏ। ਐੱਨਐੱਸਐੱਸ ਕੋਆਰਡੀਨੇਟਰ ਅਤੇ ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਵਾਲੰਟੀਅਰਾਂ ਨੇ ਨਾ ਸਿਰਫ਼ ਬੂਟੇ ਲਗਾਏ ਸਗੋਂ ਇਨ੍ਹਾਂ ਨੂੰ ਬਚਾਉਣ ਅਤੇ ਪਾਲਣ ਦਾ ਪ੍ਰਣ ਵੀ ਕੀਤਾ। ਇਸ ਮੁਹਿੰਮ ਦੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਕਾਸ਼ ਸਿੰਘ ਬਰਾੜ ਸਨ। ਸਹਾਇਕ ਮਿਲਖ਼ ਅਫ਼ਸਰ ਜਸਕਰਨ ਸਿੰਘ ਨੇ ਵੀ ਆਪਣੀ ਮੌਜੂਦਗੀ ਦਰਜ ਕੀਤੀ। ਇਸ ਮੌਕੇ ਡਾ. ਨਰੇਂਦਰ ਚੰਡੇਲ ਤੇ ਡਾ. ਵਿਸ਼ਾਲ ਸ਼ਰਮਾ ਨੇ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ