ਡਾ. ਗੁਰਿੰਦਰ ਕੌਰ
2024 ਵਿੱਚ ਭਾਰਤ ਦੇ ਬਹੁਤੇ ਰਾਜਾਂ ਵਿੱਚ ਮੌਨਸੂਨ ਰੁੱਤ ਵਿੱਚ ਔਸਤ ਤੋਂ ਜ਼ਿਆਦਾ ਮੀਂਹ ਪਿਆ ਹੈ। ਆਮ ਤੌਰ ਉੱਤੇ ਸਤੰਬਰ ਦੇ ਮਹੀਨੇ ਵਿੱਚ ਮੌਨਸੂਨ ਪੌਣਾਂ ਦਾ ਭਾਰਤ ਦੇ ਉੱਤਰ-ਪੱਛਮੀ ਰਾਜਾਂ ਤੋਂ ਮੁੜਨ ਦਾ ਸਮਾਂ ਹੁੰਦਾ ਹੈ ਪਰ ਇਸ ਸਾਲ (2024) ਵਿੱਚ ਮੌਨਸੂਨ ਪੌਣਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਰਾਜਾਂ ਵਿੱਚ ਭਾਰੀ ਮੀਂਹ ਪਾ ਰਹੀਆਂ ਹਨ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਆਂਧਰਾ ਪ੍ਰਦੇਸ਼, ਅਸਾਮ, ਤ੍ਰਿਪੁਰਾ, ਕੇਰਲ ਵਿੱਚ ਜੁਲਾਈ ਅਤੇ ਅਗਸਤ ਵਿੱਚ ਵੀ ਮੌਨਸੂਨ ਪੌਣਾਂ ਨੇ ਮੀਂਹ ਨਾਲ ਬਹੁਤ ਤਬਾਹੀ ਮਚਾਈ ਹੈ।
ਜੁਲਾਈ ਦੇ ਅਖ਼ੀਰਲੇ ਹਫ਼ਤੇ ਵਿੱਚ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਨਾਲ ਪਹਾੜ ਥੱਲੇ ਖਿਸਕਣ ਕਾਰਨ ਲਗਭਗ 400 ਵਿਅਕਤੀਆਂ ਦੀ ਮੌਤ ਹੋ ਗਈ। ਦਿੱਲੀ ਵਿੱਚ ਮੌਨਸੂਨ ਪੌਣਾਂ ਨਾਲ ਪਏ ਪਹਿਲੇ ਮੀਂਹ ਨਾਲ 8, ਅਗਸਤ ਤੇ ਸਤੰਬਰ ਵਿੱਚ ਰਾਜਸਥਾਨ ਤੇ ਗੁਜਰਾਤ ਵਿੱਚ 35 ਅਤੇ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ 75 ਵਿਅਕਤੀਆਂ ਦੀ ਮੌਤ ਹੋ ਗਈ। ਜਾਨੀ ਨੁਕਸਾਨ ਦੇ ਨਾਲ-ਨਾਲ ਮੁਲਕ ਦੇ ਵੱਖ-ਵੱਖ ਰਾਜਾਂ ਵਿੱਚ ਮਾਲੀ ਨੁਕਸਾਨ ਵੀ ਬਹੁਤ ਹੋਇਆ ਹੈ। ਪਹਾੜੀ ਰਾਜਾਂ ਵਿੱਚ ਪਹਾੜ ਖਿਸਕਣ ਅਤੇ ਢਿੱਗਾਂ ਗਿਰਨ ਕਾਰਨ ਸੜਕਾਂ ਅਤੇ ਰੇਲ ਲਾਈਨਾਂ ਬਹੁਤ ਸਾਰੀਆਂ ਥਾਵਾਂ ਤੋਂ ਟੁੱਟ ਗਈਆਂ ਹਨ। ਬਹੁਤ ਸਾਰੀਆਂ ਬਹੁ-ਮੰਜ਼ਲਾਂ ਇਮਾਰਤਾਂ (ਹੋਟਲ, ਮੋਟਲ) ਜੋ ਨਦੀਆਂ ਕਿਨਾਰੇ ਬਣੀਆਂ ਸਨ ਜਾਂ ਨਦੀਆਂ ਵਿੱਚ ਸਮਾ ਗਈਆਂ ਹਨ ਜਾਂ ਖਿਸਕਦੇ ਪਹਾੜਾਂ ਥੱਲੇ ਦਬ ਗਈਆਂ ਹਨ। ਮੈਦਾਨੀ ਇਲਾਕਿਆਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ। ਸੜਕਾਂ ਇੱਕ ਤਰ੍ਹਾਂ ਨਾਲ ਬਰਸਾਤੀ ਨਾਲਿਆਂ ਵਿੱਚ ਬਦਲ ਗਈਆਂ ਹਨ। ਸੜਕਾਂ, ਰੇਲ ਲਾਈਨਾਂ, ਪੁਲਾਂ ਆਦਿ ਤੋਂ ਪਾਣੀ ਤੇਜ਼ ਰਫ਼ਤਾਰ ਨਾਲ ਵਹਿ ਰਿਹਾ। ਦਿੱਲੀ ਸਮੇਤ ਕੌਮੀ ਰਾਜਧਾਨੀ ਖੇਤਰ (ਗੁਰੂਗਰਾਮ, ਨੋਇਡਾ ਆਦਿ) ਦੇ ਸ਼ਹਿਰਾਂ ਵਿੱਚ ਅੰਡਰਪਾਸਾਂ ਵਿੱਚ ਪਾਣੀ ਭਰਨ ਕਾਰਨ ਦਿੱਲੀ ਵਿੱਚ 3 ਅਤੇ ਗੁਰੂਗਰਾਮ ਵਿੱਚ 2 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਹੜ੍ਹ ਆਉਣ ਕਾਰਨ ਮੁਲਕ ਦੇ ਵੱਖ-ਵੱਖ ਰਾਜਾਂ ਵਿੱਚ ਹਰ ਸਾਲ ਭਾਰੀ ਨੁਕਸਾਨ ਹੋ ਰਿਹਾ ਹੈ।
ਹਰ ਵਾਰ ਦੀ ਤਰ੍ਹਾਂ ਮੁਲਕ ਵਿੱਚ ਹੜ੍ਹਾਂ ਦੀ ਵਧ ਰਹੀ ਆਮਦ ਨੂੰ ਮੌਸਮੀ ਤਬਦੀਲੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਅਜਿਹਾ ਤੱਥ ਹੈ ਜਿਸ ਉੱਤੇ ਆਮ ਵਿਅਕਤੀ ਸਹਿਜੇ ਹੀ ਵਿਸ਼ਵਾਸ ਕਰ ਲੈਂਦਾ ਹੈ। ਇਹ ਵੀ ਸੱਚ ਹੈ ਕਿ ਇਸ ਸਾਲ ਔਸਤ ਨਾਲੋਂ ਵੱਧ ਮੀਂਹ ਪੈ ਰਿਹਾ ਹੈ ਪਰ ਹੜ੍ਹ ਸਿਰਫ਼ ਮੌਸਮੀ ਤਬਦੀਲੀਆਂ ਕਾਰਨ ਵਧ ਰਹੀਆਂ ਕੁਦਰਤੀ ਆਫ਼ਤਾਂ ਕਰ ਕੇ ਹੀ ਨਹੀਂ ਆ ਰਹੇ। ਮੌਸਮੀ ਤਬਦੀਲੀਆਂ ਦੇ ਨਾਲ-ਨਾਲ ਦੂਜਾ ਵੱਡਾ ਕਾਰਨ ਮਨੁੱਖ ਦੀ ਕੁਦਰਤੀ ਵਾਤਾਵਰਨ ਵਿੱਚ ਵਧ ਰਹੀ ਦਖ਼ਲਅੰਦਾਜ਼ੀ ਹੈ। ਧਰਤੀ ਦਾ ਔਸਤ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। 2023 ਦਾ ਸਾਲ ਹੁਣ ਤੱਕ ਦੇ ਰਿਕਾਰਡ ਅਨੁਸਾਰ ਧਰਤੀ ਦਾ ਸਭ ਤੋਂ ਗਰਮ ਸਾਲ ਰਿਹਾ ਹੈ। ਦੁਨੀਆ ਦੀਆਂ ਵੱਖ-ਵੱਖ ਏਜੰਸੀਆਂ ਅਨੁਸਾਰ ਧਰਤੀ ਦੇ ਔਸਤ ਤਾਪਮਾਨ ਵਿੱਚ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਤੋਂ ਉੱਪਰ ਵਾਧਾ ਆਂਕਿਆ ਗਿਆ ਹੈ। ਯੂਰੋਪ ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਨੁਸਾਰ 2023 ਵਿੱਚ ਇਹ ਵਾਧਾ 1.48 ਡਿਗਰੀ ਸੈਲਸੀਅਸ ਅਤੇ ਅਮਰੀਕਾ ਦੀ ਨੈਸ਼ਨਲ ਓਸ਼ਨਿਕ ਐਂਡ ਐਟਮੋਸਫਿਰਿਕ ਐਡਮਨਿਸਟਰੇਸ਼ਨ (ਨੌਆ) ਅਨੁਸਾਰ ਇਹ ਵਾਧਾ 1.38 ਡਿਗਰੀ ਸੈਲਸੀਅਸ ਆਂਕਿਆ ਗਿਆ ਹੈ। ਤਾਪਮਾਨ ਵਿੱਚ ਵਾਧੇ ਦਾ ਹਰ ਛੋਟੇ ਤੋਂ ਛੋਟਾ ਹਿੱਸਾ ਮਹੱਤਵਪੂਰਨ ਹੁੰਦਾ ਹੈ। ਤਾਪਮਾਨ ਵਿੱਚ ਇੱਕ ਡਿਗਰੀ ਦੇ ਵਾਧੇ ਨਾਲ ਥੋੜ੍ਹੇ ਸਮੇਂ ਵਿੱਚ ਵੱਧ ਮੀਂਹ ਪੈਣ ਦੀਆਂ ਘਟਨਾਵਾਂ ਵਿੱਚ 7 ਗੁਣਾ, ਗਰਮ ਲਹਿਰਾਂ ਦੀ ਆਮਦ ਅਤੇ ਮਾਰ ਦੀ ਗਹਿਰਾਈ ਵਿੱਚ 5 ਗੁਣਾ, ਚੱਕਰਵਾਤਾਂ ਵਿਚਲੀ ਹਵਾ ਦੀ ਗਤੀ ਵਿੱਚ 5 ਗੁਣਾ ਅਤੇ ਜੰਗਲੀ ਅੱਗਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿੱਚ ਕਈ ਗੁਣਾ ਵਾਧਾ ਹੋ ਜਾਂਦਾ ਹੈ। ਇਸੇ ਕਾਰਨ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿੱਚ ਕੁਦਰਤੀ ਆਫ਼ਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੰਟਰ-ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਦੀ ਪੰਜਵੀਂ (2014) ਅਤੇ ਛੇਵੀਂ (2021-22) ਰਿਪੋਰਟਾਂ ਵਿੱਚ ਵੀ ਦੁਨੀਆ ਦੇ ਸਾਰੇ ਮੁਲਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਨਹੀਂ ਕੀਤੀ ਜਾਵੇਗੀ ਤਾਂ ਦੁਨੀਆ ਦਾ ਕੋਈ ਵੀ ਦੇਸ ਮੌਸਮੀ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਨਹੀਂ ਬਚ ਸਕੇਗਾ। ਇਹਨਾਂ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਮੌਸਮੀ ਤਬਦੀਲੀਆਂ ਦੀ ਮਾਰ ਭਾਰਤ ਅਤੇ ਚੀਨ ਉੱਤੇ ਬਾਕੀ ਮੁਲਕਾਂ ਨਾਲ ਜ਼ਿਆਦਾ ਪਵੇਗੀ। ਭਾਰਤ ਦੀ ਇੱਕ ਸੰਸਥਾ ਕੌਂਸਲ ਆਫ ਅਨਰਜੀ, ਇਨਵਾਰਇਨਮੈਂਟ ਅਤੇ ਵਾਟਰ ਦੀ 2020 ਦੀ ਰਿਪੋਰਟ ਅਨੁਸਾਰ ਦੇਸ ਦੇ 75 ਫ਼ੀਸਦ ਜ਼ਿਲ੍ਹੇ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਰਿਪੋਰਟ ਅਨੁਸਾਰ ਪਿਛਲੇ ਪੰਜ ਦਹਾਕਿਆਂ (1970-2019) ਦੌਰਾਨ ਮੁਲਕ ਵਿੱਚ ਹੜ੍ਹ ਦੀਆਂ ਘਟਨਾਵਾਂ ਵਿੱਚ 8 ਗੁਣਾ ਵਾਧਾ ਹੋ ਗਿਆ ਹੈ।
ਇਨ੍ਹਾਂ ਅਧਿਐਨਾਂ ਅਤੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਮੌਸਮੀ ਤਬਦੀਲੀਆਂ ਦੀ ਲਪੇਟ ਵਿੱਚ ਆ ਚੁੱਕਿਆ ਹੈ ਜਿਸ ਕਾਰਨ ਕੁਦਰਤੀ ਆਫ਼ਤਾਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ। ਕੁਦਰਤੀ ਆਫ਼ਤਾਂ ਦੀ ਗਿਣਤੀ ਤਾਂ ਭਾਵੇਂ ਮੌਸਮੀ ਤਬਦੀਲੀਆਂ ਕਾਰਨ ਵਧੀ ਹੈ ਪਰ ਉਨ੍ਹਾਂ ਦੀ ਮਾਰ ਦੀ ਗਹਿਰਾਈ ਮਨੁੱਖੀ ਗਤੀਵਿਧੀਆਂ ਕਾਰਨ ਵਧੀ ਹੈ। ਮਨੁੱਖ ਨੇ ਆਪਣੀਆਂ ਗਤੀਵਿਧੀਆਂ ਦੁਆਰਾ ਦਰਿਆਵਾਂ ਦੇ ਵਹਾਅ ਬਦਲ ਦਿੱਤੇ ਹਨ। ਦਰਿਆਵਾਂ ਉੱਤੇ ਬੰਨ੍ਹ ਬਣਾ ਕੇ ਉਨ੍ਹਾਂ ਨੂੰ ਨਦੀਆਂ ਨਾਲਿਆਂ ਵਿੱਚ ਤਬਦੀਲ ਕਰ ਦਿੱਤਾ ਹੈ; ਦਰਿਆਵਾਂ/ਨਦੀਆਂ ਦੇ ਵਹਾਅ ਖੇਤਰਾਂ ਉੱਤੇ ਉਸਾਰੀਆਂ ਕਰ ਲਈਆਂ ਹਨ।
ਸ੍ਰੀਨਗਰ ਵਿੱਚ 2014, ਚਨੇਈ ਵਿੱਚ 2015, ਕੇਰਲ ਵਿੱਚ 2018, ਬੰਗਲੌਰ ਵਿੱਚ 2022 ਵਿੱਚ ਭਿਆਨਕ ਹੜ੍ਹ ਬਰਸਾਤੀ ਨਦੀਆਂ, ਨਾਲਿਆਂ, ਅਤੇ ਝੀਲਾਂ ਦੇ ਖੇਤਰ ਉੱਤੇ ਉਸਾਰੀਆਂ ਕਰਨ ਕਾਰਨ ਹੀ ਆਏ ਸਨ। ਦਿੱਲੀ ਅਤੇ ਗੁਰੂਗਰਾਮ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਪਾਣੀ ਦੇ ਜਮ੍ਹਾਂ ਹੋਣ ਦਾ ਮੁੱਖ ਕਾਰਨ ਬਰਸਾਤੀ ਨਦੀਆਂ, ਨਾਲਿਆਂ ਨੂੰ ਭਰ ਕੇ ਉਨ੍ਹਾਂ ਉੱਤੇ ਉਸਾਰੀਆਂ ਕਰਨਾ ਹੈ। ਗੁਰੂਗਰਾਮ ਵਿਚਲੇ ਬਰਸਾਤੀ ਨਾਲੇ ਮੀਂਹ ਦੇ ਪਾਣੀ ਨੂੰ ਨਜ਼ਫਗੜ੍ਹ ਝੀਲ ਤੱਕ ਲੈ ਜਾਂਦੇ ਸਨ ਪਰ ਉਨ੍ਹਾਂ ਉੱਤੇ ਉਸਾਰੀ ਹੋਣ ਕਾਰਨ ਮੀਂਹ ਦਾ ਪਾਣੀ ਹੜ੍ਹ ਦੇ ਰੂਪ ਵਿੱਚ ਸੜਕਾਂ ਉੱਤੇ ਵਹਿਣ ਲੱਗ ਪੈਂਦਾ ਹੈ। ਆਂਧਰਾ ਪ੍ਰਦੇਸ ਅਤੇ ਤਿਲੰਗਾਨਾ ਦੇ ਵਹਾਅ ਖੇਤਰਾਂ ਵਿੱਚ ਵੀ ਉਸਾਰੀਆਂ ਹੋਈਆਂ ਹੋਣ ਕਰ ਕੇ ਜ਼ਿਆਦਾ ਨੁਕਸਾਨ ਹੋਇਆ ਹੈ।
ਕੇਰਲ ਦੇ ਬਹੁਤੇ ਇਲਾਕੇ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿੱਚ ਆਉਂਦੇ ਹਨ। ਗਾਡਗਿਲ ਕਮੇਟੀ ਦੀ ਰਿਪੋਰਟ ਅਨੁਸਾਰ ਪੱਛਮੀ ਘਾਟਾਂ ਦਾ 87 ਫ਼ੀਸਦ ਖੇਤਰ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿੱਚ ਪੈਂਦਾ ਹੈ। ਇਸ ਲਈ ਇਸ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ (ਡੈਮ, ਨਵੇਂ ਸ਼ਹਿਰ), ਖਣਿਜਾਂ ਦੀ ਖੁਦਾਈ ਆਦਿ ਵਰਗੀਆਂ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ ਹਨ ਪਰ ਕੇਰਲ ਸਰਕਾਰ ਨੇ ਇਸ ਰਿਪੋਰਟ ਨੂੰ ਨਕਾਰ ਕੇ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ। ਵਾਇਨਾਡ ਤਰਾਸਦੀ ਖਣਿਜਾਂ ਦੀ ਖੁਦਾਈ ਤੋਂ ਬਾਅਦ ਖੋਖਲੇ ਪਹਾੜਾਂ ਦੇ, ਭਾਰੀ ਮੀਂਹ ਪੈਣ ਨਾਲ, ਥੱਲੇ ਖਿਸਕਣ ਨਾਲ ਹੋਈ ਹੈ।
ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਖੇਤਰਾਂ ਵਿੱਚ ਮੀਂਹ ਤੋਂ ਬਾਅਦ ਬਰਬਾਦੀ ਦੇ ਮੁੱਖ ਕਾਰਨ ਜੰਗਲਾਂ ਦੀ ਅੰਧਾਧੁੰਦ ਕਟਾਈ, ਨਦੀਆਂ ਉੱਤੇ ਸਮਰੱਥਾ ਤੋਂ ਜ਼ਿਆਦਾ ਡੈਮ ਬਣਾਉਣਾ, ਚਾਰ ਮਾਰਗੀ ਸੜਕਾਂ ਆਦਿ ਹਨ। ਡੈਮ ਅਤੇ ਚਾਰ ਮਾਰਗੀ ਸੜਕਾਂ ਬਣਾਉਣ ਵੇਲੇ ਨਵੇਂ ਉਭਰ ਰਹੇ ਹਿਮਾਲਿਆ ਦੇ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾਏ ਜਾਣ ਕਾਰਨ, ਖੋਖਲੇ ਹੋਏ ਪਹਾੜ ਥੱਲੇ ਨੂੰ ਖਿਸਕਦੇ ਹੋਏ ਭਾਰੀ ਤਬਾਹੀ ਮਚਾ ਰਹੇ ਹਨ।
ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਵਿੱਚ ਵਾਧਾ ਭਾਵੇਂ ਮੌਸਮੀ ਤਬਦੀਲੀਆਂ ਕਾਰਨ ਹੋ ਰਿਹਾ ਹੈ ਪਰ ਜ਼ਿਆਦਾ ਤਬਾਹੀ ਮਨੁੱਖੀ ਕਾਰਗੁਜ਼ਾਰੀਆਂ ਨਾਲ ਹੋ ਰਹੀ ਹੈ। ਹੜ੍ਹਾਂ ਤੋਂ ਹੋਣ ਵਾਲੀ ਬਰਬਾਦੀ ਤੋਂ ਨਿਜਾਤ ਪਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ ਦੇ ਕਿਸੇ ਵੀ ਖੇਤਰ ਵਿਚਲੇ ਵਿਕਾਸ ਲਈ, ਭਾਵੇਂ ਉਹ ਚਾਰ-ਮਾਰਗੀ ਸੜਕਾਂ ਹੋਣ ਜਾਂ ਦਰਿਆਵਾ ਉੱਤੇ ਬਣਦੇ ਡੈਮ, ਕੀਤੀਆਂ ਜਾਣ ਵਾਲੀਆਂ ਉਸਾਰੀਆਂ ਤੋਂ ਪਹਿਲਾਂ ਉਸ ਥਾਂ ਦੀ ਭੂਗੋਲਿਕ ਸਥਿਤੀ ਦਾ ਜਾਇਜ਼ਾ ਲੈਣ। ਇਸ ਦੇ ਨਾਲ ਨਾਲ ਭੂ-ਵਿਗਿਆਨੀਆਂ ਅਤੇ ਸਥਾਨਕ ਲੋਕਾਂ ਦੀ ਰਾਇ ਲੈਣੀ ਚਾਹੀਦੀ ਹੈ।
ਦਰਿਆਵਾਂ/ਨਦੀਆਂ ਦੇ ਵਹਾਅ ਖੇਤਰਾਂ ਵਿੱਚ ਕਿਸੇ ਵੀ ਤਰ੍ਹਾ ਦੀ ਉਸਾਰੀ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ (ਹੜ੍ਹ, ਭਾਰੀ ਮੀਂਹ) ਆਦਿ ਨਾਲ ਸੌਖਿਆ ਹੀ ਸੁਲਝਿਆ ਜਾ ਸਕੇ। ਮੌਨਸੂਨ ਰੁੱਤ ਦੇ ਆਉਣ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਬਰਸਾਤੀ ਨਦੀਆਂ ਅਤੇ ਨਾਲਿਆਂ ਦੀ ਠੀਕ ਤਰ੍ਹਾਂ ਸਾਫ਼-ਸਫ਼ਾਈ ਹੋਣੀ ਚਾਹੀਦੀ ਹੈ ਕਿਉਂਕਿ ਬਰਸਾਤੀ ਨਦੀਆਂ/ਨਾਲਿਆਂ, ਡਰੇਨਾਂ ਦੀ ਸਾਲਾਂ ਬੱਧੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਵਿੱਚ ਮਿੱਟੀ ਅਤੇ ਗਾਰ ਦੇ ਨਾਲ-ਨਾਲ ਕਈ ਤਰ੍ਹਾਂ ਦੀ ਬਨਸਪਤੀ ਉੱਗੀ ਹੋਣ ਕਾਰਨ ਉਨ੍ਹਾਂ ਦੀ ਪਾਣੀ ਢੋਣ ਦੀ ਸਮਰੱਥਾ ਘਟ ਜਾਂਦੀ ਹੈ; ਨਤੀਜੇ ਵਜੋਂ ਪਾਣੀ ਉਨ੍ਹਾਂ ਦੇ ਕੰਢਿਆਂ ਉੱਤੋਂ ਵਹਿ ਕੇ ਆਲੇ-ਦੁਆਲੇ ਖੇਤਰਾਂ ਵਿੱਚ ਵੜ ਕੇ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ।
ਸ਼ਹਿਰਾਂ ਅਤੇ ਪਿੰਡਾਂ ਵਿੱਚ ਉਸਾਰੀ ਕਰਦੇ ਹੋਏ ਝੀਲਾਂ, ਟੋਭਿਆਂ, ਤਲਾਬਾਂ ਆਦਿ ਮੀਂਹ ਦੇ ਪਾਣੀ ਨੂੰ ਸਾਂਭਣ ਵਾਲੇ ਸਰੋਤਾਂ ਉੱਤੇ ਕਬਜ਼ੇ ਕਰ ਲਏ ਗਏ ਹਨ ਜਿਸ ਕਾਰਨ ਮੀਂਹ ਪੈਣ ਤੋਂ ਬਾਅਦ ਝੀਲਾਂ, ਟੋਭਿਆਂ ਆਦਿ ਵਿੱਚ ਜਾਣ ਵਾਲਾ ਪਾਣੀ ਸੜਕਾਂ ਉੱਤੇ ਵਹਿਣ ਲੱਗ ਜਾਂਦਾ ਹੈ। ਇਸ ਤੋਂ ਬਚਾਉ ਲਈ ਜਿਨ੍ਹਾਂ ਥਾਵਾਂ ਉੱਤੇ ਹੁਣ ਪਾਣੀ ਇਕੱਠਾ ਹੁੰਦਾ ਹੈ (ਅੰਡਰਪਾਸਾਂ ਥੱਲੇ) ਉਨ੍ਹਾਂ ਥਾਵਾਂ ਉੱਤੇ ਰੀਚਾਰਜ ਖੂਹ ਬਣਾਉਣੇ ਚਾਹੀਦੇ ਹਨ। ਪਹਾੜੀ ਖੇਤਰਾਂ ਵਿੱਚ ਪਹਾੜ/ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਵਿੱਚ ਸੜਕਾਂ ਬਣਾਉਣ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ-ਨਾਲ ਚਾਰ ਮਾਰਗੀ ਸੜਕਾਂ ਦੀ ਥਾਂ ਉੱਤੇ ਸੜਕਾਂ ਦੀ ਚੌੜਾਈ ਉਸ ਖੇਤਰ ਦੀ ਸਮਰੱਥਾ ਅਨੁਸਾਰ ਹੀ ਹੋਣੀ ਚਾਹੀਦੀ ਹੈ। ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਰਾਸ਼ਟਰੀ ਪੱਧਰ ਤੋਂ ਲੈ ਕੇ ਵਿਅਕਤੀਗਤ ਪੱਧਰ ਤੱਕ ਹੋਣੀ ਚਾਹੀਦੀ ਹੈ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।