ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਸਤੰਬਰ
ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਤੋਂ ਬਾਅਦ ਹੁਣ ਪੰਜਾਬ ਦੀਆਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਵੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਆੜ੍ਹਤੀਆਂ, ਸ਼ੈੱਲਰਾਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਸੂਬੇ ਦੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਆੜ੍ਹਤੀਆਂ ਨੇ ਕਿਸਾਨਾਂ ਨੂੰ ਮੰਡੀ ਵਿੱਚ ਫ਼ਸਲ ਨਾ ਲੈ ਕੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜਾ ਵੀ ਕਿਸਾਨ ਮੰਡੀਆਂ ਵਿੱਚ ਫਸਲ ਦੀ ਟਰਾਲੀ ਆਪਣੇ ਫੜ੍ਹ ’ਤੇ ਉਤਾਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਜੁਰਮਾਨਾ ਲਾਇਆ ਜਾਵੇਗਾ। ਇਸ ਕਾਰਨ ਮੰਡੀ ਵਿੱਚ ਆ ਰਹੇ ਝੋਨੇ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇੰਝ ਫ਼ਸਲ ਨੂੰ ਨਾ ਕਿਸਾਨ ਆਪਣੇ ਘਰਾਂ ਵਿੱਚ ਸੰਭਾਲ ਸਕਦੇ ਹਨ ਅਤੇ ਨਾ ਹੀ ਮੰਡੀਆਂ ਵਿੱਚ ਉਤਾਰ ਸਕਦੇ ਹਨ। ਦੂਜੇ ਪਾਸੇ ਕਿਸਾਨ ਮੌਸਮ ਦੀ ਖਰਾਬੀ ਤੋਂ ਡਰੇ ਹੋਏ ਹਨ। ਅੱਜ ਖੰਨਾ ਅਨਾਜ ਮੰਡੀ ਵਿੱਚ ਪ੍ਰਧਾਨ ਰਾਕੇਸ਼ ਕੁਮਾਰ ਤੁਲੀ ਦੇ ਹੁਕਮਾਂ ਅਨੁਸਾਰ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਦੀ ਅਗਵਾਈ ਹੇਠਾਂ ਮਜ਼ਦੂਰਾਂ ਨੇ ਹੜਤਾਲ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਹਿਲੀ ਅਕਤੂਬਰ ਤੋਂ ਪੰਜਾਬ ਭਰ ਦੀਆਂ ਸਾਰੀਆਂ ਮੰਡੀਆਂ ਵਿੱਚ ਮਜ਼ਦੂਰ ਹੜਤਾਲ ਕਰਨਗੇ। ਉਹ ਨਾ ਹੀ ਝੋਨੇ ਦੀ ਫ਼ਸਲ ਟਰਾਲੀਆਂ ਵਿੱਚੋਂ ਲਾਹੁਣਗੇ ਅਤੇ ਨਾ ਹੀ ਲੋਡ ਕਰਨਗੇ। ਚੇਅਰਮੈਨ ਲਾਲ ਨੇ ਕਿਹਾ ਕਿ ਲੋਡਿੰਗ ਦੀ ਲੇਬਰ ਵਿੱਚ 5 ਰੁਪਏ ਦਾ ਵਾਧਾ ਕੀਤਾ ਜਾਵੇ ਅਤੇ ਕੱਚੀ ਮੰਡੀ ਦੀ ਮਜ਼ਦੂਰੀ ਜੋ ਹਰਿਆਣਾ ਵਿੱਚ 3 ਰੁਪਏ 20 ਪੈਸੇ ਹੈ, ਦੇ ਬਰਾਬਰ ਕਰ ਕੇ 25 ਫ਼ੀਸਦੀ ਦਾ ਹੋਰ ਵਾਧਾ ਕੀਤਾ ਜਾਵੇ। ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਖ਼ਿਲਾਫ਼ ਸੜਕਾਂ, ਰੇਲਵੇ ਲਾਈਨਾਂ ਉੱਪਰ ਧਰਨੇ ਲਾ ਕੇ ਗੱਡੀਆਂ ਜਾਮ ਕੀਤੀਆਂ ਜਾਣਗੀਆਂ।