ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 28 ਸਤੰਬਰ
ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਨੇ ਅੱਜ ਇਥੇ ਸੰਬੋਧਨ ਕਰਦਿਆ ਕਿਹਾ ਕਿ ਕੌਂਸਲ ਅਧੀਨ ਪੈਂਦੇ ਦਫ਼ਤਰਾਂ ਅਤੇ ਖੇਤਰ ਵਿੱਚ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਾਂ ਲਈ ਵਿਸ਼ੇਸ ਸਹੂਲਤਾਂ ਦਿੱਤੀਆਂ ਜਾਣਗੀਆਂ। ਆਲ ਬੈਂਕ ਰਿਟਾਇਰੀਜ਼ ਫੋਰਮ ਵੱਲੋਂ ਹਾਲ ਹੀ ਵਿੱਚ ਚੁਣੇ ਗਏ ਪ੍ਰਧਾਨ ਸ਼ਰਮਾ ਨੂੰ ਸਨਮਾਨਿਤ ਕਰਨ ਲਈ ਗਾਂਧੀ ਸਕੂਲ ਵਿੱਚ ਅੱਜ ਇਕ ਸਮਾਗਮ ਕਰਵਾਇਆ ਗਿਆ ਸੀ, ਜਿਥੇ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪਤਾ ਲੱਗਣ ਮਗਰੋਂ ਉਨ੍ਹਾਂ ਇਹ ਬਿਆਨ ਦਿੱਤਾ। ਇਸ ਮੌਕੇ ਕੇਵਲ ਕ੍ਰਿਸ਼ਨ ਬਾਂਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਆਈਸੀਆਈਸੀਆਈ ਬੈਂਕ ਦੇ ਮੈਨੇਜਰ ਰਜਨੀਸ਼ ਕੁਮਾਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਸ਼ਰਮਾ ਕਿਹਾ ਕਿ ਜੇਕਰ ਕੋਈ ਵੀ ਬਿਰਧ ਜਾਂ ਕਮਜ਼ੋਰ ਵਿਅਕਤੀ ਭੀੜ-ਭੜੱਕੇ ਵਾਲੇ ਦਫ਼ਤਰਾਂ ਵਿੱਚ ਪਹੁੰਚ ਕੇ ਦਫ਼ਤਰੀ ਕੰਮ ਕਰਵਾਉਣ ਵਿੱਚ ਔਕੜ ਮਹਿਸੂਸ ਕਰਦਾ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਨੂੰ ਐੱਮਸੀ ਦਫ਼ਤਰ ਵਿੱਚ ਹੀ ਬਣੇ ਉਡੀਕ ਚੈਂਬਰ ਵਿੱਚ ਬੁਲਾ ਸਕਦਾ ਹੈ। ਸ਼ਰਮਾ ਨੇ ਐਲਾਨ ਕੀਤਾ ਕਿ ਮਿਉਂਸਪਲ ਲਾਇਬ੍ਰੇਰੀ ਵਿੱਚ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਲਈ ਵੱਖਰਾ ਕਾਰਨਰ ਸਥਾਪਤ ਕੀਤਾ ਜਾਵੇਗਾ।