ਗੁਰਬਖਸ਼ਪੁਰੀ
ਤਰਨ ਤਾਰਨ, 28 ਸਤੰਬਰ
ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਤਰਨ ਤਾਰਨ ਵਿੱਚ ਪੰਚਾਇਤੀ ਚੋਣਾਂ ’ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਦਿੱਤਾ ਹੈ| ਅਧਿਕਾਰੀ ਨੇ ਆਪਣੇ ਅਹੁਦੇ ਦਾ ਚਾਰਜ ਵੀ ਛੱਡ ਦਿੱਤਾ ਹੈ| ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਤਿੰਨ ਦਿਨ ਪਹਿਲਾਂ 25 ਸਤੰਬਰ ਨੂੰ ਹੀ ਚਾਰਜ ਸੰਭਾਲਿਆ ਸੀ|
ਡਿਪਟੀ ਕਮਿਸ਼ਨਰ ਵੱਲੋਂ ਕੀਤੀ ਕਥਿਤ ਬੇਨਿਯਮੀ ਝਬਾਲ ਇਲਾਕੇ ਦੇ ਪਿੰਡ ਖੈਰਦੀਨਕੇ ਦੇ ਵਸਨੀਕ ਸੁੱਚਾ ਸਿੰਘ ਨੇ ਕੱਲ੍ਹ ਲਿਖਤੀ ਤੌਰ ’ਤੇ ਰਾਜ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀ ਸੀ। ਆਪਣੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਧੇਰੇ ਵੱਸੋਂ ਜਨਰਲ ਕੈਟਾਗਰੀ ਦੀ ਹੈ ਪਰ ਪਿੰਡ ਨੂੰ ਇਸ ਤੋਂ ਪਹਿਲੀਆਂ ਚੋਣਾਂ ਜਿਸ ਦੀ ਮਿਆਦ ਫਰਵਰੀ 2024 ਨੂੰ ਖ਼ਤਮ ਹੋਈ ਹੈ, ਵਿੱਚ ਪਿੰਡ ਦੇ ਸਰਪੰਚ ਦੇ ਅਹੁਦੇ ਨੂੰ ਅਨੂਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਸੀ| ਇਸ ਵਾਰ ਪਿੰਡ ਦੇ ਸਰਪੰਚ ਦੀ ਸੀਟ ਨੂੰ ਜਨਰਲ ਕਰਨਾ ਬਣਦਾ ਹੈ ਅਤੇ ਡਿਪਟੀ ਕਮਿਸ਼ਨਰ ਨੇ ਕੱਲ੍ਹ ਪਿੰਡ ਦੇ ਸਰਪੰਚ ਦੇ ਅਹੁਦੇ ਨੂੰ ਜਨਰਲ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਸਨ ਪਰ ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਅਧਿਕਾਰੀ ਨੇ ਕਥਿਤ ਸਿਆਸੀ ਦਬਾਅ ਹੇਠ ਆ ਕੇ ਪਿੰਡ ਲਈ ਨਵੇਂ ਹੁਕਮ ਜਾਰੀ ਕਰਦਿਆਂ ਪਿੰਡ ਨੂੰ ਮੁੜ ਤੋਂ ਅਨੁਸੂਚਿਤ ਜਾਤੀ ਲਈ ਰਾਖਵਾਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ| ਇਨ੍ਹਾਂ ਹੁਕਮਾਂ ’ਤੇ ਅਧਿਕਾਰੀ ਨੇ ਆਪਣੇ ਦਸਤਖ਼ਤ ਵੀ ਨਹੀਂ ਕੀਤੇ| ਇਹ ਦਸਤਾਵੇਜ਼ ਸੁੱਚਾ ਸਿੰਘ ਨੇ ਰਾਜ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੇ। ਇਸ ’ਤੇ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ|
ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਮਿਲੀ: ਡੀਸੀ
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਖ਼ੁਦ ਬਹੁਤ ਹੈਰਾਨ ਹਨ ਪਰ ਉਨ੍ਹਾਂ ਨੂੰ ਤਬਾਦਲੇ ਸਬੰਧੀ ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਮਿਲੀ ਹੈ| ਉਹ ਅੱਜ ਛੁੱਟੀ ’ਤੇ ਹੋਣ ਕਰ ਕੇ ਪ੍ਰਸ਼ਾਸਨਿਕ ਕੰਮਾਂ ਤੋਂ ਦੂਰ ਰਹੇ।