ਗੁਰਦੀਪ ਸਿੰਘ ਟੱਕਰ/ਡੀਪੀਐੱਸ ਬੱਤਰਾ
ਮਾਛੀਵਾੜਾ/ਸਮਰਾਲਾ, 28 ਸਤੰਬਰ
ਸੀਆਈਏ ਸਟਾਫ਼ ਖੰਨਾ ਅਤੇ ਸਮਰਾਲਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨੂੰ ਨਸ਼ਾ ਸਪਲਾਈ ਕਰਨ ਦੀ ਵੱਡੀ ਚੇਨ ਤੋੜੀ। ਇਸ ਤਹਿਤ ਸੇਬਾਂ ਨਾਲ ਭਰੀ ਜੀਪ ਹੇਠਾਂ 2 ਕੁਇੰਟਲ ਚੂਰਾ ਪੋਸਤ ਲੈ ਕੇ ਆ ਰਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਵਜੋਂ ਹੋਈ। ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਖੰਨਾ ਦੀ ਟੀਮ ਅਤੇ ਸਮਰਾਲਾ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਮਾਛੀਵਾੜਾ-ਸਮਰਾਲਾ ਰੋਡ ’ਤੇ ਪਿੰਡ ਉਰਨਾ ਨੇੜੇ ਨਾਕੇ ਦੌਰਾਨ ਪਿਕਅਪ ਜੀਪ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਇਸ ਵਿੱਚੋਂ ਸੇਬ ਦੀਆਂ ਪੇਟੀਆਂ ਹੇਠਾਂ 10 ਬੋਰੇ ਡੋਡਾ ਚੂਰਾ ਪੋਸਤ ਦੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਕਰੀਬ 1 ਕੁਇੰਟਲ 99 ਕਿੱਲੋ ਬਣਦਾ ਹੈ। ਜੀਪ ਦਾ ਡਰਾਈਵਰ ਮੁਹੰਮਦ ਅਲੀ ਹਿਮਾਚਲ ਪ੍ਰਦੇਸ਼ ਤੋਂ ਨਸ਼ੀਲੇ ਪਦਾਰਥ ਲੈ ਕੇ ਪੰਜਾਬ ਵਿੱਚ ਨਸ਼ਾ ਸਪਲਾਈ ਕਰਦਾ ਸੀ। ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਜੀਪ ਵਿੱਚ ਲੱਦੀਆਂ ਪੇਟੀਆਂ ’ਚ ਗਲੇ-ਸੜੇ ਸੇਬ ਮਿਲੇ
ਪੁਲੀਸ ਵੱਲੋਂ ਕਾਬੂ ਕੀਤੀ ਗਈ ਜੀਪ ਦੇ ਡਰਾਈਵਰ ਦਾ ਮੁੱਖ ਕੰਮ ਨਸ਼ਾ ਸਪਲਾਈ ਕਰਨਾ ਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੀਪ ’ਚੋਂ ਸੇਬ ਦੀਆਂ ਪੇਟੀਆਂ ਮਿਲੀਆਂ ਹਨ। ਉਸ ਵਿੱਚ ਵਧੇਰੇ ਗਲੇ-ਸੜੇ ਸੇਬ ਹਨ। ਨਸ਼ਾ ਤਸਕਰ ਵਲੋਂ ਇਹ ਗਲੇ ਸੜੇ ਸੇਬ ਸਸਤੇ ਭਾਅ ਵਿੱਚ ਖਰੀਦ ਕੇ ਥੱਲੇ ਨਸ਼ੀਲੇ ਪਦਾਰਥ ਰੱਖੇ ਹੋਏ ਸਨ ਅਤੇ ਜਦੋਂ ਇਸ ਨੇ ਆਪਣੀ ਮੰਜ਼ਿਲ ’ਤੇ ਪਹੁੰਚਣਾ ਸੀ ਤਾਂ ਇਹ ਸੇਬ ਸੁੱਟ ਦੇਣੇ ਸਨ।