ਇੰਫਾਲ, 28 ਸਤੰਬਰ
ਮਨੀਪੁਰ ਦੇ ਚੂਰਾਚਾਂਦਪੁਰ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਵਿੱਚ ਬੰਦ ਕਾਰਨ ਅੱਜ ਆਮ ਜਨਜੀਵਨ ਠੱਪ ਰਿਹਾ। ਇਸ ਦੌਰਾਨ ਜਿਰੀਬਾਮ ਜ਼ਿਲ੍ਹੇ ਦੇ ਪਿੰਡ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਅਤਿਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਉਧਰ ਸੁਰੱਖਿਆ ਬਲਾਂ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਕਾਂਗਪੋਕਪੀ, ਚੂਰਾਚਾਂਦਪੁਰ ਤੇ ਥੌਬਲ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ।
ਚੂਰਾਚਾਂਦਪੁਰ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਕਾਰੀ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਵੱਲੋਂ ਦਿੱਤੇ ਉਸ ਬਿਆਨ ਦਾ ਵਿਰੋਧ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਤਿਵਾਦੀ ਬਾਹਰ ਤੋਂ ਸੂਬੇ ਵਿੱਚ ਘੁਸਪੈਠ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਜ਼ਿਲ੍ਹਿਆਂ ਵਿੱਚ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ, ਜਦਕਿ ਸੜਕਾਂ ’ਤੇ ਆਵਾਜਾਈ ਵੀ ਨਜ਼ਰ ਨਹੀਂ ਆਈ। ਉਨ੍ਹਾਂ ਦੱਸਿਆ ਕਿ ਕੋਈ ਅਣਹੋਣੀ ਘਟਨਾ ਦੀ ਵੀ ਸੂਚਨਾ ਨਹੀਂ ਮਿਲੀ ਹੈ।
ਦੋਵਾਂ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਬੰਦ ਐਤਵਾਰ ਤੱਕ ਜਾਰੀ ਰਹੇਗਾ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਸੂਬੇ ਦੇ ਜ਼ਿਲ੍ਹਿਆਂ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਲੋਈਚਿੰਗ ਇਲਾਕੇ ਵਿੱਚੋਂ ਦੋ .303 ਰਾਈਫਲ, ਇੱਕ 9 ਐੱਮਐੱਮ ਪਿਸਤੌਲ, ਮੈਗਜ਼ੀਨ, ਕਾਰਤੂਸ, ਚਾਰ ਹੈਂਡ ਗ੍ਰਨੇਡ, ਦੋ ‘ਡੈਟੋਨੇਟਰ’ ਅਤੇ ਮੋਰਟਾਰ ਦੇ ਦੋ ਗੋਲੇ, ਜਦੋਂਕਿ ਚੂਰਾਚਾਂਦਪੁਰ ਦੇ ਗੋਥੋਲ ਪਿੰਡ ਵਿੱਚ ਦੋ ਗੋਲੇ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਥੌਬਲ ਜ਼ਿਲ੍ਹੇ ਦੇ ਫੈਨੋਮ ਪਹਾੜੀ ਖੇਤਰ ਤੋਂ ਚਾਰ ਐੱਚਈ-36 ਹੈਂਡ ਗ੍ਰਨੇਡ, ਦੋ ਦੇਸੀ ਗੋਲੇ, ਤਿੰਨ ‘ਡੈਟੋਨੇਟਰ’ ਅਤੇ ਇੱਕ-ਇੱਕ ‘ਸਟਨ ਗ੍ਰਨੇਡ’, ‘ਸਟਿੰਗਰ ਗ੍ਰਨੇਡ’ ਅਤੇ ਅੱਥਰੂ ਗੈਸ ਦੇ ਗੋਲੇ ਬਰਾਮਦ ਕੀਤੇ ਹਨ।
ਜਿਰੀਬਾਮ ’ਚ ਅਤਿਵਾਦੀਆਂ ਵੱਲੋਂ ਗੋਲੀਬਾਰੀ
ਪੁਲੀਸ ਨੇ ਦੱਸਿਆ ਕਿ ਕੁੱਝ ਹਥਿਆਰਬੰਦ ਸ਼ੱਕੀ ਅਤਿਵਾਦੀਆਂ ਨੇ ਜਿਰੀਬਾਮ ਜ਼ਿਲ੍ਹੇ ਦੀਆਂ ਨੇੜਲੀਆਂ ਪਹਾੜੀਆਂ ਅਤੇ ਮੌਂਗਬੁੰਗ ਮੈਤੇਈ ਪਿੰਡ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪਿੰਡ ਦੇ ਰੱਖਿਅਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਪਿੰਡ ਵਾਸੀਆਂ ਦੇ ਹਵਾਲੇ ਨਾਲ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਈ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਜਾ ਰਿਹਾ ਹੈ। ਸਥਿਤੀ ’ਤੇ ਕਾਬੂ ਪਾਉਣ ਲਈ ਸੁਰੱਖਿਆ ਬਲ ਭੇਜੇ ਗਏ ਹਨ। ਮੌਂਗਬੁੰਗ ਮੈਤੇਈ ਪਿੰਡ ਜਿਰੀਬਾਮ ਸ਼ਹਿਰ ਤੋਂ ਮਹਿਜ਼ ਸੱਤ ਕਿਲੋਮੀਟਰ ਦੂਰ ਹੈ। -ਪੀਟੀਆਈ