ਪੱਤਰ ਪ੍ਰੇਰਕ
ਪਠਾਨਕੋਟ, 28 ਸਤੰਬਰ
ਜੰਮੂ-ਕਸ਼ਮੀਰ ਦੇ ਕਠੂਆ ਤੋਂ ਬਿਨਾ ਬਿੱਲ ਦੇ ਮਾਈਨਿੰਗ ਮਟੀਰੀਅਲ ਪੰਜਾਬ ਖੇਤਰ ਵਿੱਚ ਲਿਆਉਣ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਪਰ ਹੁਣ ਮਾਈਨਿੰਗ ਵਿਭਾਗ ਨੇ ਕਾਰਵਾਈ ਕਰਦਿਆਂ ਮਾਈਨਿੰਗ ਮਟੀਰੀਅਲ ਵਾਲੇ 3 ਟਿੱਪਰਾਂ ਨੂੰ ਕਥਲੌਰ ਪੁਲ ’ਤੇ ਜ਼ਬਤ ਕਰ ਲਿਆ ਅਤੇ ਬਿੱਲ ਨਾ ਹੋਣ ਕਰਕੇ ਉਨ੍ਹਾਂ ਨੂੰ ਜੁਰਮਾਨਾ ਕਰ ਦਿੱਤਾ ਗਿਆ। ਚੌਥੇ ਟਿੱਪਰ ਦਾ ਡਰਾਈਵਰ ਮਾਈਨਿੰਗ ਮਟੀਰੀਅਲ ਉਥੇ ਹੀ ਸੜਕ ’ਤੇ ਢੇਰੀ ਕਰਕੇ ਖਾਲੀ ਕਰਕੇ ਭਜਾ ਕੇ ਲੈ ਗਿਆ ਪਰ ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਟਿੱਪਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜੇਈ-ਕਮ-ਮਾਈਨਿੰਗ ਇੰਸਪੈਕਟਰਜ਼ ਸੁਨੀਲ ਕੁਮਾਰ ਅਤੇ ਸੰਗਮਦੀਪ ਸਿੰਘ ਨੇ ਤਾਰਾਗੜ੍ਹ ਥਾਣੇ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਇੱਕ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਕਥਲੌਰ ਪੁਲੀਸ ਨਾਕੇ ’ਤੇ ਰਾਤ ਨੂੰ ਮਾਈਨਿੰਗ ਸਬੰਧੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਇੱਕ ਟਿੱਪਰ, ਜਿਸ ਵਿੱਚ ਕਰੀਬ 900 ਕਿਊਬਿਕ ਫੁੱਟ ਰੇਤਾ ਲੋਡ ਸੀ, ਨੂੰ ਕਾਗਜ਼ਾਤ ਚੈੱਕ ਕਰਨ ਲਈ ਰੋਕਿਆ ਗਿਆ। ਟਿੱਪਰ ਦਾ ਡਰਾਈਵਰ ਲੋਡ ਰੇਤਾ ਸਬੰਧੀ ਕੋਈ ਕਾਗਜ਼ਾਤ ਪੇਸ਼ ਨਾ ਕਰ ਸਕਿਆ ਤੇ ਉਹ ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਟਿੱਪਰ ਦਾ ਜੈਕ ਉਠਾ ਕੇ ਸੜਕ ’ਤੇ ਹੀ ਰੇਤਾ ਅਨਲੋਡ ਕਰਕੇ ਟਿੱਪਰ ਭਜਾ ਕੇ ਲੈ ਗਿਆ। ਇਸ ਤੋਂ ਇਹ ਸਪੱਸ਼ਟ ਹੋਇਆ ਕਿ ਉਕਤ ਟਿੱਪਰ ਵਿੱਚ ਰੇਤਾ ਗੈਰ-ਕਾਨੂੰਨੀ ਮਾਈਨਿੰਗ ਕਰਕੇ ਲੋਡ ਕੀਤਾ ਗਿਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਇਸ ਮਟੀਰੀਅਲ ਦੀ ਢੋਆ-ਢੁਆਈ ਕਰਕੇ ਸਰਕਾਰ ਦੇ ਮਾਲੀਏ (ਰੈਵੀਨਿਊ) ਨੂੰ ਚੂਨਾ ਲਗਾਇਆ ਜਾ ਰਿਹਾ ਸੀ।