ਪੱਤਰ ਪ੍ਰੇਰਕ
ਪਟਿਆਲਾ, 28 ਸਤੰਬਰ
ਸਾਹਿਤਕਾਰਾਂ ਦਾ ਕਮਰਾ ਪਟਿਆਲਾ ਵੱਲੋਂ ਪ੍ਰਸਿੱਧ ਕਹਾਣੀਕਾਰ ਦਰਸ਼ਨ ਜੋਗਾ ਦੇ ਨਵੇਂ ਕਹਾਣੀ ਸੰਗ੍ਰਹਿ ‘ਫਨੀਅਰ’ ਦੇ ਰਿਲੀਜ਼ ਸਮਾਰੋਹ ਦੇ ਨਾਲ ਇਸ ’ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ ਨੇ ਕੀਤੀ। ਕਹਾਣੀਆਂ ’ਤੇ ਆਪਣਾ ਪਰਚਾ ਪੇਸ਼ ਕਰਦਿਆਂ ਡਾਕਟਰ ਪਰਮਪਾਲ ਸਿੰਘ ਨੇ ਕਿਹਾ ਕਿ ਇਹ ਕਹਾਣੀਆਂ ਭਾਸ਼ਾ ਨੂੰ ਅਮੀਰ ਕਰਦੀਆਂ ਹਨ। ਡਾਕਟਰ ਕੁਲਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਦਰਸ਼ਨ ਜੋਗਾ ਆਪਣੀ ਕਹਾਣੀ ਵਿੱਚ ਜਿੱਥੇ ਅੜੇ-ਥੁੜ੍ਹੇ, ਟੁੱਟੇ ਪੇਂਡੂ ਸਮਾਜ ਨੂੰ ਪੇਸ਼ ਕਰਦਾ ਹੈ ਉੱਥੇ ਇਨ੍ਹਾਂ ਦੀਆਂ ਕਹਾਣੀਆਂ ਹਨੇਰ ਵਿੱਚ ਜੁਗਨੂੰ ਵਾਂਗ ਲੋਕਾਂ ਵਿੱਚ ਇੱਕ ਆਸ ਪੈਦਾ ਕਰਦੀਆਂ। ਕਹਾਣੀਕਾਰ ਸਵਾਮੀ ਸਰਬਜੀਤ, ਰਮਨ ਵਿਰਕ, ਕਮਲ ਸੇਖੋਂ, ਡਾ. ਲਕਸ਼ਮੀ ਨਰਾਇਣ ਭੀਖੀ, ਜਗਪਾਲ ਚਹਿਲ, ਚਮਕੌਰ ਬਿੱਲਾ, ਬਖ਼ਸ਼, ਸੁਖਜੀਵਨ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਕਰਦਿਆਂ ਕਹਾਣੀਕਾਰ ਕਿਰਪਾਲ ਕਜ਼ਾਕ ਨੇ ਕਿਹਾ ਕਿ ਦਰਸ਼ਨ ਜੋਗਾ ਪੇਂਡੂ ਭਾਸ਼ਾ ਦਾ ਵੱਡਾ ਕਹਾਣੀਕਾਰ ਹੈ। ਮੰਚ ਸੰਚਾਲਨ ਸਤਪਾਲ ਭੀਖੀ ਦੁਆਰਾ ਕੀਤਾ ਗਿਆ। ਸੰਯੋਜਕ ਚਿੱਟਾ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।