ਸੰਗਤ ਮੰਡੀ: ਥਾਣਾ ਸੰਗਤ ਦੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸੰਗਤ ਦੀ ਪੁਲੀਸ ਪਾਰਟੀ ਵੱਲੋਂ ਡੱਬਵਾਲੀ ਮੇਨ ਰੋਡ ’ਤੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕੀਤੀ ਜਾ ਰਹੀ ਸੀ। ਜਿਵੇਂ ਹੀ ਪੁਲੀਸ ਪਿੰਡ ਪਥਰਾਲਾ ਕੋਲ ਪੁੱਜੀ ਤਾਂ ਇੱਕ ਟਰੱਕ ਸੜਕ ’ਤੇ ਖੜ੍ਹਾ ਸੀ, ਜਿਸਦਾ ਚਾਲਕ ਪੁਲੀਸ ਪਾਰਟੀ ਨੂੰ ਦੇਖ ਕੇ ਵਾਹਨ ਨੂੰ ਤੋਰਨ ਲੱਗਾ ਤਾਂ ਪੁਲੀਸ ਪਾਰਟੀ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ। ਟਰੱਕ ਵਿੱਚੋਂ ਪੰਜ ਗੱਟੇ ਪਲਾਸਟਿਕ ਭੁੱਕੀ ਬਰਾਮਦ ਹੋਈ ਜਿਨ੍ਹਾਂ ਦਾ ਕੁੱਲ ਵਜ਼ਨ 100 ਕਿਲੋ ਸੀ। ਟਰੱਕ ਸਵਾਰ ਦੋਨਾਂ ਵਿਅਕਤੀਆਂ ਦੀ ਪਛਾਣ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਭੱਠਲਾਂ ਰੋਡ ਧਨੌਲਾ, ਜ਼ਿਲ੍ਹਾ ਬਰਨਾਲਾ ਅਤੇ ਸਰਾਜ ਖਾਨ ਵਾਸੀ ਸੰਗੀ ਪੱਤੀ ਕਾਲੇਕੇ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। -ਪੱਤਰ ਪ੍ਰੇਰਕ