ਨਵੀਂ ਦਿੱਲੀ:
ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਦੀ ਥਾਂ ਹੋਈ ਹੈ। ਇਸ ਤੋਂ ਪਹਿਲਾਂ ਏਪੀ ਸਿੰਘ ਵਾਇਸ ਚੀਫ਼ ਆਫ ਏਅਰ ਫੋਰਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਜ਼ਿਕਰਯੋਗ ਹੈ ਕਿ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਤਿੰਨ ਸਾਲ ਸੇਵਾਵਾਂ ਦੇਣ ਤੋਂ ਬਾਅਦ ਸੇਵਾਮੁਕਤ ਹੋਏ ਹਨ। ਏਪੀ ਸਿੰਘ ਦਾ ਜਨਮ 27 ਅਕਤੂਬਰ, 1964 ਨੂੰ ਹੋਇਆ ਸੀ ਤੇ ਉਹ ਦਸੰਬਰ 1984 ਵਿੱਚ ਭਾਰਤੀ ਹਵਾਈ ਸੈਨਾ ਵਿਚ ਪਾਇਲਟ ਵਜੋਂ ਭਰਤੀ ਹੋਏ ਸਨ। ਦੱਸਣਾ ਬਣਦਾ ਹੈ ਕਿ ਏਪੀ ਸਿੰਘ ਨੇ ਨੈਸ਼ਨਲ ਡਿਫੈਂਸ ਅਕਾਦਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਤੇ ਨੈਸ਼ਨਲ ਡਿਫੈਂਸ ਕਾਲਜ ਤੋਂ ਪੜ੍ਹਾਈ ਮੁਕੰਮਲ ਕੀਤੀ ਹੈ। ਉਨ੍ਹਾਂ ਨੂੰ ਪੰਜ ਹਜ਼ਾਰ ਘੰਟੇ ਤੋਂ ਵੱਧ ਉਡਾਨ ਭਰਨ ਦਾ ਤਜਰਬਾ ਹੈ। ਉਨ੍ਹਾਂ ਵੱਖ-ਵੱਖ ਕਮਾਂਡਾਂ, ਸਟਾਫ਼ ਤੇ ਵਿਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। -ਪੀਟੀਆਈ