ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਸਤੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ‘ਪਿੰਡ ਬਚਾਓ, ਪੰਜਾਬ ਬਚਾਓ’ ਕਾਫ਼ਲੇ ਦੀ ਸਮਾਪਤੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉੱਘੇ ਚਿੰਤਕ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਸਰਪੰਚੀ ਦੀ ਬੋਲੀ ਲੱਗਣ ਦੀਆਂ ਖ਼ਬਰਾਂ ਬੇਹੱਦ ਪ੍ਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਨੇ ਪੰਚਾਇਤਾਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੰਜਾਬ ਨਹੀਂ ਬਚਣਾ। ਉਨ੍ਹਾਂ ਪੰਜਾਬ ਬਚਾਉਣ ਦਾ ਸੱਦਾ ਦਿੱਤਾ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂਆਂ ਨੇ ਲੋਕ ਮੰਗਤੇ ਬਣਾ ਦਿੱਤੇ ਹਨ। ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਤੋਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨ ਦੀ ਮੁਹਿੰਮ ਸ਼ੁਰੂਆਤ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਵੱਲੋਂ ਕਾਫ਼ਲੇ ਨੂੰ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਆਈ.ਡੀ.ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲਿਆ ਜਿਹੜਾ ਪੰਚਾਇਤੀ ਰਾਜ ਕਾਨੂੰਨ ਜਾਂ ਗਰਾਮ ਸਭਾ ਬਾਰੇ ਜਾਣਦਾ ਹੋਵੇ। ਪੱਤਰਕਾਰ ਹਮੀਰ ਸਿੰਘ ਨੇ ਪੰਜਾਬ ਦੇ ਹਰ ਪਿੰਡ ਵਿੱਚ ਗਰਾਮ ਸਭਾਵਾਂ ਸਰਗਰਮ ਕਰਨ ਦਾ ਸੱਦਾ ਦਿੱਤਾ ਅਤੇ ਪਿੰਡ ਦਾ ਬਜਟ, ਵਿਕਾਸ ਕਾਰਜਾਂ ਦੇ ਫ਼ੈਸਲੇ ਗਰਾਮ ਸਭਾਵਾਂ ਵਿੱਚ ਲੈਣ ਲਈ ਪ੍ਰੇਰਿਆ।