ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਲਾਡਵਾ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਮੇਵਾ ਸਿੰਘ ਅੱਜ ਪਿੰਡ ਬੜਤੌਲੀ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੱਛੜੇ ਤੇ ਗਰੀਬ ਵਰਗ ਦੇ ਹੱਕ ਦੀ ਲੜਾਈ ਲੜੀ ਹੈ ਤੇ ਕਾਂਗਰਸ ਹੀ ਇਸ ਵਰਗ ਦੀ ਸੱਚੀ ਹਿਤੈਸ਼ੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਇਕ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ। ਇਸੇ ਤਰ੍ਹਾਂ ਬਜ਼ੁਰਗਾਂ, ਦਿਵਿਆਂਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਤਿੰਨ ਹਜ਼ਾਰ ਤੋਂ ਵਧਾ ਕੇ 6 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ। ਮਹਿੰਗਾਈ ਦੇ ਭਾਰ ਥਲੇ ਦੱਬੀਆਂ ਮਹਿਲਾਵਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਰਸੋਈ ਖਰਚਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਹੰਕਾਰ ਨਾਲ ਭਰੀ ਭਾਜਪਾ ਨੇ ਕਿਸਾਨ, ਵਪਾਰੀ, ਕਰਮਚਾਰੀ, ਸਰਪੰਚ ਅਤੇ ਆਂਗਨਵਾੜੀ ਵਰਕਰਾਂ ਸਣੇ ਸਾਰੇ ਵਰਗਾਂ ਦਾ ਅਪਮਾਨ ਕੀਤਾ ਹੈ। ਸਮਾਜ ਦੇ ਕਿਸੇ ਵੀ ਵਰਗ ਨੇ ਆਪਣੀ ਆਵਾਜ਼ ਚੁੱਕੀ ਤਾਂ ਉਸ ਨੂੰ ਦਬਾਇਆ ਗਿਆ। ਉਨਾਂ ਕਿਹਾ ਕਿ ਹੁਣ ‘ਵੋਟ ਦੀ ਚੋਟ’ ਸਰਕਾਰ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਰਾਜ ਕੁਮਾਰ ਰਾਣਾ ਤੇ ਓਮ ਪਾਲ ਰਾਣਾ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਇਨੈਲੋ ਅਤੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਕੁੱਝ ਵਕਰਰਾਂ ਦਾ ਪਾਰਟੀ ਵਿੱਚ ਸਵਾਗਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।