ਸੰਤੋਖ ਗਿੱਲ
ਰਾਏਕੋਟ, 10 ਮਈ
ਲਾਗਲੇ ਪਿੰਡ ਧੂਰਕੋਟ ਵਾਸੀ ਬਲਵਿੰਦਰ ਸਿੰਘ ਉਰਫ਼ ਸ਼ਿੰਦਾ ਬਾਬਾ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਬੀਤੀ ਰਾਤ ਕਰੀਬ 12 ਵਜੇ ਧੂਰਕੋਟ ਸੇਮ ਲਾਗਿਓਂ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਹੈ। ਇਹ ਮੌਤ ਭੇਦ ਬਣੀ ਹੋਈ ਹੈ। ਪਿੰਡ ਨੱਥੋਵਾਲ ਤੋਂ ਬੱਸੀਆਂ ਨੂੰ ਜਾਣ ਵਾਲੀ ਸੜਕ ਉੱਪਰ ਮੋਟਰਸਾਈਕਲ ਵਰਕਸ਼ਾਪ ਦੇ ਮਾਲਕ ਬਲਵਿੰਦਰ ਸਿੰਘ ਉਰਫ਼ ਸ਼ਿੰਦਾ ਬਾਬਾ ਦੀ ਮੌਤ ਨੂੰ ਥਾਣਾ ਹਠੂਰ ਪੁਲੀਸ ਪਹਿਲੀ ਨਜ਼ਰ ਭੇਤ-ਭਰੀ ਮੌਤ ਮੰਨ ਕੇ ਕਾਨੂੰਨੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਦੇ ਬਿਆਨਾਂ ‘ਤੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 174 ਤਹਿਤ ਜਾਂਚ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਮੱਥੇ ਅਤੇ ਗਰਦਨ ਉੱਪਰ ਜ਼ਖ਼ਮਾਂ ਤੋਂ ਕਾਫ਼ੀ ਖ਼ੂਨ ਵਹਿ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜਗਰਾਉਂ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਲੋੜੀਂਦੀ ਹੋਰ ਧਾਰਾ ਜੋੜ ਦਿੱਤੀ ਜਾਵੇਗੀ। ਮ੍ਰਿਤਕ ਬਲਵਿੰਦਰ ਸਿੰਘ ਉਰਫ਼ ਸ਼ਿੰਦਾ ਬਾਬਾ ਦੇ ਭਤੀਜੇ ਚਰਨਜੀਤ ਸਿੰਘ ਅਤੇ ਕਰਮਜੋਤ ਸਿੰਘ ਅਨੁਸਾਰ ਮੰਗਲਵਾਰ ਰਾਤ ਕਰੀਬ 11.30 ਵਜੇ ਘਟਨਾ ਸਥਾਨ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਸ ਦਾ ਚਾਚਾ ਸੜਕ ‘ਤੇ ਡਿੱਗਿਆ ਪਿਆ ਹੈ। ਉਹ ਖ਼ੂਨ ਨਾਲ ਲੱਥਪੱਥ ਚਾਚੇ ਨੂੰ ਚੁੱਕ ਕੇ ਰਾਏਕੋਟ ਦੇ ਨਿੱਜੀ ਹਸਪਤਾਲ ਲੈ ਗਏ। ਉਨ੍ਹਾਂ ਦਾਅਵਾ ਕੀਤਾ ਕਿ ਮੱਥੇ ‘ਤੇ ਗੋਲੀ ਲੱਗਣ ਵਰਗਾ ਨਿਸ਼ਾਨ ਸੀ ਅਤੇ ਗਰਦਨ ਦੇ ਪਿਛਲੇ ਹਿੱਸੇ ‘ਤੇ ਵੀ ਅਜਿਹਾ ਹੀ ਨਿਸ਼ਾਨ ਸੀ। ਮੁੱਢਲੀ ਨਜ਼ਰ ਵਿੱਚ ਜਾਪਦਾ ਸੀ ਕਿ ਜਿਵੇਂ ਗੋਲੀ ਚੀਰ ਕੇ ਬਾਹਰ ਆ ਗਈ ਹੋਵੇ। ਰਾਏਕੋਟ ਹਸਪਤਾਲ ਪਹੁੰਚਣ ‘ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਮੇਜਰ ਸਿੰਘ ਧੂਰਕੋਟ ਵੀ ਮੌਕੇ ‘ਤੇ ਪਹੁੰਚੇ ਹੋਏ ਸਨ, ਉਨ੍ਹਾਂ ਨੇ ਹਠੂਰ ਪੁਲੀਸ ਨੂੰ ਸੂਚਿਤ ਕੀਤਾ।
ਸੀਸੀਟੀਵੀ ਕੈਮਰੇ ਵਿੱਚ ਸ਼ੱਕੀ ਕਾਰ ਅਤੇ ਮੋਟਰਸਾਈਕਲ ਦਿਖੇ
ਰਾਏਕੋਟ: ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕਾਰ ਅਤੇ ਮੋਟਰਸਾਈਕਲ ਦੇਖੇ ਗਏ ਹਨ। ਕਾਰ ਅਤੇ ਮੋਟਰਸਾਈਕਲ ਕੁਝ ਦੇਰ ਸੇਮ ਨੇੜੇ ਰੁਕੇ ਦਿਖਾਈ ਦੇਣ ਬਾਅਦ ਉੱਥੋਂ ਜਾਂਦੇ ਦਿਖਾਈ ਦਿੰਦੇ ਹਨ। ਜਾਂਚ ਅਫ਼ਸਰ ਅਨੁਸਾਰ ਪੁਲੀਸ ਹੁਣ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਤੋਂ ਕਾਰ ਅਤੇ ਮੋਟਰਸਾਈਕਲ ਦੀ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਸਥਾਨ ਦੇ ਨੇੜੇ ਹੀ ਸ਼ਰਾਬ ਅਤੇ ਸੋਢੇ ਦੀਆਂ ਬੋਤਲਾਂ ਵੀ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਸ਼ਿੰਦਾ ਬਾਬਾ ਮੰਗਲਵਾਰ ਰਾਤ 9 ਵਜੇ ਨੱਥੋਵਾਲ ਤੋਂ ਆਪਣੀ ਵਰਕਸ਼ਾਪ ਬੰਦ ਕਰ ਕੇ ਦੋਸਤ ਦੇ ਘਰ ਚਲੇ ਗਿਆ ਸੀ ਅਤੇ ਰਾਤ 9.30 ਵਜੇ ਮੋਟਰਸਾਈਕਲ ‘ਤੇ ਘਰ ਲਈ ਰਵਾਨਾ ਹੋਇਆ ਸੀ।
ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਬਜ਼ੁਰਗ ਹਲਾਕ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਥਾਣਾ ਦੁੱਗਰੀ ਦੀ ਪੁਲੀਸ ਨੂੰ ਮਨੋਜ ਕੁਮਾਰ ਵਾਸੀ ਅਵਤਾਰ ਸਿੰਘ ਮੁਲਤਾਨੀ ਵਾਸੀ ਰਸੀਦਪੁਰ ਥਾਣਾ ਚਮਕੌਰ ਸਾਹਿਬ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਦੁਖੀ ਰਾਮ ਉਰਫ਼ ਖੁਸ਼ੀ ਰਾਮ ਪੁੱਤਰ ਚੌਕੀ ਰਾਮ (50 ਸਾਲ) ਗੁਰਵਿੰਦਰ ਐਗਰੀਕਲਚਰ ਇੰਜਨੀਆਰ ਇੰਡਸਟਰੀ ਭਾਈ ਹਿੰਮਤ ਸਿੰਘ ਨਗਰ ਵਿੱਚ ਨੌਕਰੀ ਕਰਦੇ ਸਨ। ਉਹ ਸਵੇਰੇ 9. 30 ਵਜੇ ਦੇ ਕਰੀਬ ਜੀਐੱਨਈ ਕਾਲਜ ਤੋਂ ਦੁੱਧ ਲੈ ਕੇ ਵਾਪਸ ਫੈਕਟਰੀ ਨੂੰ ਪੈਦਲ ਜਾ ਰਹੇ ਸਨ ਤਾਂ ਪਿੰਡ ਦੇ ਚੌਕ ਕੋਲ ਪਿੱਛੋਂ ਮਾਰੂਤੀ ਵੈਨ ਨੰਬਰ ਪੀਬੀ 10 ਐਚਡੀ 5962 ਦਾ ਡਾਰਈਵਰ ਬੱਛਰਾ ਰਾਮ ਆਪਣੇ ਦੋਸਤ ਰਾਮ ਚੰਦ ਨੂੰ ਗੱਡੀ ਸਿਖਾ ਰਿਹਾ ਸੀ। ਬਛਰਾ ਰਾਮ ਨੇ ਵੈਨ ਉਸ ਦੇ ਪਿਤਾ ਵਿੱਚ ਮਾਰੀ। ਜ਼ਖ਼ਮੀ ਨੂੰ ਪੰਚਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਪਿਆਰਾ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਬੱਛਰਾ ਰਾਮ ਵਾਸੀ ਫੇਜ਼ 2 ਦੁੱਗਰੀ ਅਤੇ ਰਾਮ ਚੰਦ ਵਾਸੀ ਗਲੀ ਨੰਬਰ 9 ਭਾਈ ਹਿੰਮਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਅ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਸਾਵਣ ਇਨਕਲੇਵ ਈਸ਼ਰ ਨਗਰ ਗਿੱਲ ਰੋਡ ਵਾਸੀ ਰਾਜਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਸਰੂਪ ਸਿੰਘ (52 ਸਾਲ) ਐਕਟਿਵਾ ‘ਤੇ ਪਿੰਡ ਭਾਮੀਆਂ ਵਿੱੱਚ ਕਿਸੇ ਘਰ ਵਿੱਚ ਬਿਜਲੀ ਫਿਟਿੰਗ ਦਾ ਕੰਮ ਕਰਨ ਲਈ ਜਾ ਰਹੇ ਸੀ। ਉਹ ਵੀ ਉਨ੍ਹਾਂ ਦੇ ਪਿੱਛੇ ਮੋਟਰਸਾਈਕਲ ‘ਤੇ ਜਾ ਰਿਹਾ ਸੀ।zwnj; ਜਦੋਂ ਉਹ ਪ੍ਰਤਾਪ ਚੌਕ ਤੋਂ ਚੀਮਾਂ ਚੌਕ ਨੂੰ ਜਾਂਦੀ ਸੜਕ ‘ਤੇ ਬਣੇ ਪੁਲ ਸਾਹਮਣੇ ਭਗਵਤੀ ਸੇਲ ਕਾਰਪੋਰੇਸ਼ਨ ਦੁਕਾਨ ਕੋਲ ਪੁੱਜੇ ਤਾਂ ਟਰੱਕ ਨੰਬਰ ਪੀਬੀ 19 ਈ 8597 ਨੇ ਐਕਟਿਵਾ ਸਕੂਟਰ ਨੂੰ ਟੱਕਰ ਮਾਰੀ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੌਲਦਾਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।